ਲੋਕ ਸਭਾ 'ਚ ਹੰਗਾਮੇ ਕਾਰਨ ਪੰਜਾਬ ਤੋਂ ਸੰਸਦ ਮੈਂਬਰ ਅਮਰ ਸਿੰਘ ਸਣੇ 33 ਮੈਂਬਰ ਮੁਅੱਤਲ

Monday, Dec 18, 2023 - 04:04 PM (IST)

ਨਵੀਂ ਦਿੱਲੀ- ਸੰਸਦ ਦਾ ਸਰਦ ਰੁੱਤ ਸੈਸ਼ਨ ਚੱਲ ਰਿਹਾ ਹੈ। ਸੈਸ਼ਨ ਦੌਰਾਨ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਮੈਂਬਰਾਂ ਵਲੋਂ ਹੰਗਾਮਾ ਕੀਤਾ ਜਾ ਰਿਹਾ ਹੈ। ਦਰਅਸਲ ਸੰਸਦ ਮੈਂਬਰ 13 ਦਸੰਬਰ 2023 ਨੂੰ ਸੰਸਦ ਦੀ ਸੁਰੱਖਿਆ 'ਚ ਕੁਤਾਹੀ ਮਾਮਲੇ 'ਤੇ ਚਰਚਾ ਕਰਾਉਣ ਅਤੇ ਗ੍ਰਹਿ ਮੰਤਰੀ ਨੂੰ ਬਿਆਨ ਦੇਣ ਦੀ ਮੰਗ ਕਰ ਰਹੇ ਹਨ। ਲੋਕ ਸਭਾ ਵਿਚ ਜਾਰੀ ਹੰਗਾਮੇ ਕਾਰਨ ਵਿਰੋਧੀ ਧਿਰ ਦੇ ਕਈ ਮੈਂਬਰਾਂ ਨੂੰ ਪੂਰੇ ਸੈਸ਼ਨ ਲਈ ਮੁਅੱਤਲ ਕਰ ਦਿੱਤਾ ਗਿਆ। ਲੋਕ ਸਭਾ ਸਪੀਕਰ ਓਮ ਬਿਰਲਾ ਨੇ ਸੋਮਵਾਰ ਯਾਨੀ ਕਿ ਅੱਜ ਪੰਜਾਬ ਦੇ ਫਤਿਹਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਅਮਰ ਸਿੰਘ, ਕਾਂਗਰਸ ਨੇਤਾ ਅਧੀਰ ਰੰਜਨ ਚੌਧਰੀ ਸਮੇਤ 33 ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਦੇ ਨਾਲ ਹੀ ਲੋਕ ਸਭਾ ਦੀ ਕਾਰਵਾਈ ਪੂਰੇ ਦਿਨ ਲਈ ਮੁਲਤਵੀ ਕਰ ਦਿੱਤੀ ਗਈ।

ਇਹ ਵੀ ਪੜ੍ਹੋ- ਸੰਸਦ ਸੁਰੱਖਿਆ 'ਚ ਕੁਤਾਹੀ ਮਾਮਲਾ; ਪੁਲਸ ਹਿਰਾਸਤ 'ਚ ਲਏ ਗਏ ਦੋਸ਼ੀਆਂ ਨੇ ਕੀਤੇ ਹੈਰਾਨੀਜਨਕ ਖ਼ੁਲਾਸੇ

ਇਨ੍ਹਾਂ ਸੰਸਦ ਮੈਂਬਰਾਂ ਨੂੰ ਮੁਅੱਤਲ ਕਰਨ ਦਾ ਪ੍ਰਸਤਾਵ ਸੰਸਦੀ ਮਾਮਲਿਆਂ ਦੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਪੇਸ਼ ਕੀਤਾ ਸੀ, ਜਿਸ ਤੋਂ ਬਾਅਦ ਇਸ ਨੂੰ ਆਵਾਜ਼ ਮਤ ਨਾਲ ਮਨਜ਼ੂਰੀ ਦੇ ਦਿੱਤੀ ਗਈ। ਦੱਸ ਦੇਈਏ ਕਿ ਸੰਸਦ ਦੀ ਕੁਤਾਹੀ ਮੁੱਦੇ 'ਤੇ ਹੰਗਾਮੇ ਕਾਰਨ ਵਿਰੋਧੀ ਧਿਰ ਦੇ ਕੁੱਲ 14 ਮੈਂਬਰ ਪਹਿਲਾਂ ਹੀ ਮੁਅੱਤਲ ਕੀਤੇ ਜਾ ਚੁੱਕੇ ਹਨ। ਇਸ ਤਰ੍ਹਾਂ ਵੇਖਿਆ ਜਾਵੇ ਤਾਂ ਇਸ ਸੈਸ਼ਨ ਵਿਚ ਵਿਰੋਧੀ ਧਿਰ ਦੇ ਹੁਣ ਤੱਕ ਕੁੱਲ 47 ਸੰਸਦ ਮੈਂਬਰਾਂ ਨੂੰ ਮੁਅੱਤਲ ਕੀਤਾ ਜਾ ਚੁੱਕਾ ਹੈ।

ਇਹ ਵੀ ਪੜ੍ਹੋ- ਸੰਸਦ ਦੀ ਸੁਰੱਖਿਆ ਕੁਤਾਹੀ ਮਾਮਲੇ 'ਚ ਵੱਡੀ ਕਾਰਵਾਈ, ਲੋਕ ਸਭਾ ਸਕੱਤਰੇਤ ਵੱਲੋਂ 8 ਕਰਮੀ ਮੁਅੱਤਲ

ਕੀ ਹੈ ਪੂਰਾ ਮਾਮਲਾ

ਦੱਸਣਯੋਗ ਹੈ ਕਿ ਸੰਸਦ 'ਤੇ 2001 ਦੇ ਅੱਤਵਾਦੀ ਹਮਲੇ ਦੀ ਬਰਸੀ ਦੇ ਦਿਨ ਬੁੱਧਵਾਰ ਨੂੰ ਸੁਰੱਖਿਆ 'ਚ ਕੁਤਾਹੀ ਦੀ ਇਕ ਵੱਡੀ ਘਟਨਾ ਸਾਹਮਣੇ ਆਈ, ਜਦੋਂ ਲੋਕ ਸਭਾ ਦੀ ਕਾਰਵਾਈ ਦੌਰਾਨ ਦਰਸ਼ਕ ਗੈਲਰੀ ਤੋਂ ਦੋ ਲੋਕ-ਸਾਗਰ ਸ਼ਰਮਾ ਅਤੇ ਮਨੋਰੰਜਨ ਡੀ ਨੇ ਸਦਨ ਦੇ ਅੰਦਰ ਛਾਲ ਮਾਰ ਦਿੱਤੀ, ਨਾਅਰੇ ਲਗਾਏ ਅਤੇ 'ਕੇਨ' ਜ਼ਰੀਏ ਪੀਲੇ ਰੰਗ ਦਾ ਧੂੰਆਂ ਫੈਲਾ ਦਿੱਤਾ। ਜਿਸ ਨਾਲ ਸਦਨ ਅੰਦਰ ਦਹਿਸ਼ਤ ਫੈਲ ਗਈ। ਉਸੇ ਸਮੇਂ ਹੀ ਦੋ ਹੋਰ ਦੋਸ਼ੀਆਂ- ਅਮੋਲ ਸ਼ਿੰਦੇ ਅਤੇ ਨੀਲਮ ਦੇਵੀ ਨੇ ਸੰਸਦ ਕੰਪਲੈਕਸ ਦੇ ਬਾਹਰ 'ਕੇਨ' ਤੋਂ ਰੰਗਦਾਰ ਧੂੰਆਂ ਛੱਡਿਆ ਅਤੇ 'ਤਾਨਾਸ਼ਾਹੀ ਨਹੀਂ ਚੱਲੇਗੀ' ਵਰਗੇ ਨਾਅਰੇ ਲਗਾਏ। ਦੋਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਦੋਹਾਂ ਦੀ ਪਛਾਣ ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਪਿੰਡ ਘਾਸੋ ਖੁਰਦ ਦੀ ਵਾਸੀ ਨੀਲਮ (42) ਅਤੇ ਮਹਾਰਾਸ਼ਟਰ ਦੇ ਲਾਤੂਰ ਵਾਸੀ ਅਮੋਲ ਸ਼ਿੰਦੇ (25) ਦੇ ਰੂਪ ਵਿਚ ਹੋਈ ਹੈ। 

ਇਹ ਵੀ ਪੜ੍ਹੋ- ਸੰਸਦ ਦੀ ਸੁਰੱਖਿਆ 'ਚ ਕੁਤਾਹੀ: ਦਿੱਲੀ ਪੁਲਸ ਵੱਲੋਂ UAPA ਤਹਿਤ ਮਾਮਲਾ ਦਰਜ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tanu

Content Editor

Related News