ਵਿਆਹ ਸਮਾਰੋਹ ’ਚ ਪੈ ਗਿਆ ਭੜਥੂ, ਖੁਸ਼ੀ ’ਚ ਫਾਇਰਿੰਗ ਕਾਰਨ ਲਾੜੀ ਦੇ ਚਾਚਾ ਦੀ ਮੌਤ
Thursday, Apr 21, 2022 - 05:01 PM (IST)
ਮੁਰੈਨਾ– ਵਿਆਹਾਂ ’ਚ ਜਸ਼ਨ ਦੌਰਾਨ ਫਾਇਰਿੰਗ ਦੇ ਕਿੱਸੇ ਆਮ ਹੋ ਗਏ ਹਨ ਪਰ ਇਹ ਬਹੁਤ ਖ਼ਤਰਨਾਕ ਸਾਬਤ ਹੋ ਸਕਦਾ ਹੈ। ਇਹ ਗੈਰ-ਕਾਨੂੰਨੀ ਵੀ ਹੈ ਪਰ ਫਿਰ ਵੀ ਲੋਕ ਵਿਆਹ ਸਮਾਰੋਹਾਂ ’ਚ ਫਾਇਰਿੰਗ ਕਰਨ ਤੋਂ ਗੁਰੇਜ਼ ਨਹੀਂ ਕਰਦੇ। ਅਜਿਹਾ ਹੀ ਮਾਮਲਾ ਮੱਧ ਪ੍ਰਦੇਸ਼ ਦੇ ਮੁਰੈਨਾ ਜ਼ਿਲ੍ਹੇ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਵਿਆਹ ਸਮਾਰੋਹ ’ਚ ਖੁਸ਼ੀ ’ਚ ਕੀਤੀ ਫਾਈਰਿੰਗ ਨਾਲ ਲਾੜੀ ਦੇ ਚਾਚਾ ਦੀ ਮੌਤ ਹੋ ਗਈ। ਇਸ ਘਟਨਾ ਮਗਰੋਂ ਵਿਆਹ ’ਚ ਭੜਥੂ ਪੈ ਗਿਆ ਅਤੇ ਵਿਆਹ ਦੀਆਂ ਖੁਸ਼ੀਆਂ ਪਲਾਂ ’ਚ ਹੀ ਮਾਤਮ ’ਚ ਬਦਲ ਗਈਆਂ।
ਪੁਲਸ ਸੂਤਰਾਂ ਨੇ ਇਹ ਦੱਸਿਆ ਕਿ ਜ਼ਿਲ੍ਹੇ ਦੇ ਪੋਰਸਾ ਥਾਣਾ ਖੇਤਰ ਦੇ ਪਿੰਡ ਮਟੀਆ ਪੂਰਾ ’ਚ ਰਾਜਿੰਦਰ ਸਿੰਘ ਤੋਮਰ ਦੀ ਧੀ ਦਾ ਕੱਲ੍ਹ ਵਿਆਹ ਸੀ। ਇਸ ਦੌਰਾਨ ਉੱਥੇ ਵਿਆਹ ਸਮਾਰੋਹ ਚੱਲ ਰਿਹਾ ਸੀ, ਤਾਂ ਮੰਡਪ ’ਚ ਅਚਾਨਕ ਕਿਸੇ ਨੇ ਪਿਸਟਲ ਨਾਲ ਖੁਸ਼ੀ ’ਚ ਫਾਇਰਿੰਗ ਕਰ ਦਿੱਤੀ ਅਤੇ ਗੋਲੀ ਲਾੜੀ ਦੇ ਚਾਚਾ ਧੀਰ ਸਿੰਘ ਤੋਮਰ ਨੂੰ ਜਾ ਲੱਗੀ, ਜਿਸ ਕਾਰਨ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਜ਼ਖਮੀ ਨੂੰ ਮੁਰੈਨਾ ਦੇ ਜ਼ਿਲ੍ਹਾ ਹਸਪਤਾਲ ਤੋਂ ਡਾਕਟਰਾਂ ਨੇ ਉੱਚਿਤ ਇਲਾਜ ਲਈ ਗਵਾਲੀਅਰ ਰੈਫਰ ਕੀਤਾ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਪੁਲਸ ਮੁਤਾਬਕ ਪਿਸਟਲ ਮ੍ਰਿਤਕ ਸੀ. ਆਰ. ਪੀ. ਐੱਫ. ਜਵਾਨ ਧੀਰ ਸਿੰਘ ਤੋਮਰ ਦੀ ਦੱਸੀ ਗਈ ਹੈ। ਉਸ ਪਿਸਟਲ ਤੋਂ ਕੋਈ ਦੂਜਾ ਵਿਅਕਤੀ ਫਾਇਰ ਕਰ ਰਿਹਾ ਸੀ। ਪੁਲਸ ਨੇ ਪਿਸਟਲ ਨੂੰ ਜ਼ਬਤ ਕਰ ਲਿਆ ਹੈ। ਪੁਲਸ ਦਾ ਕਹਿਣਾ ਹੈ ਕਿ ਉਕਤ ਪਿਸਟਲ ਮੁਰੈਨਾ ਜ਼ਿਲ੍ਹੇ ਦੀ ਆਰਮਜ਼ ਸ਼ਾਖਾ ’ਚ ਰਜਿਸਟਰਡ ਨਹੀਂ ਦੱਸੀ ਜਾਂਦੀ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।