74 ਸਾਲਾ ਜੋਤਿਸ਼ੀ ਮਰਨ ਉਪਰੰਤ 5 ਮਰੀਜ਼ਾਂ ਨੂੰ ਦੇ ਗਿਆ ਨਵੀਂ ਜ਼ਿੰਦਗੀ, ਪਰਿਵਾਰ ਨੇ ਕੀਤੇ ਅੰਗਦਾਨ

04/10/2022 1:23:54 PM

ਇੰਦੌਰ (ਭਾਸ਼ਾ)– ਮੱਧ ਪ੍ਰਦੇਸ਼ ਦੇ ਇੰਦੌਰ ਦੇ 74 ਸਾਲਾ ਜੋਤਿਸ਼ੀ ਦੇ ਮਰਨ ਉਪਰੰਤ ਅੰਗਦਾਨ ਨਾਲ 5 ਲੋੜਵੰਦ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਮਿਲਣ ਦੀ ਰਾਹ ਸੌਖੀ ਹੋ ਗਈ। ਅੰਗਦਾਨ ਦੀ ਪ੍ਰਕਿਰਿਆ ਨਾਲ ਜੁੜੇ ਅਧਿਕਾਰੀਆਂ ਨੇ ਦੱਸਿਆ ਕਿ ਜੋਤਿਸ਼ੀ ਸੰਪਤਰਾਜ ਕੋਚੇਟਾ ਨੂੰ ਵੀਰਵਾਰ ਨੂੰ ਬਰੇਨ ਹੈਮਰੇਜ ਤੋਂ ਬਾਅਦ ਸ਼ਹਿਰ ਦੇ ਇਕ ਪ੍ਰਾਈਵੇਟ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਇਲਾਜ ਦੇ ਬਾਵਜੂਦ ਕੋਚੇਟਾ ਦੀ ਹਾਲਤ ਲਗਾਤਾਰ ਵਿਗੜਦੀ ਰਹੀ ਅਤੇ ਡਾਕਟਰਾਂ ਨੇ ਸ਼ਨੀਵਾਰ ਸਵੇਰੇ ਉਨ੍ਹਾਂ ਨੂੰ ਬ੍ਰੇਨ ਡੈੱਡ ਘੋਸ਼ਿਤ ਕਰ ਦਿੱਤਾ।

ਅਧਿਕਾਰੀਆਂ ਨੇ ਦੱਸਿਆ ਕਿ ਕੋਚੇਟਾ ਦਾ ਪਰਿਵਾਰ ਸੋਗ ਵਿਚ ਹੋਣ ਦੇ ਬਾਵਜੂਦ ਮ੍ਰਿਤਕ ਦੇ ਅੰਗਦਾਨ ਕਰਨ ਲਈ ਰਾਜ਼ੀ ਹੋ ਗਿਆ ਅਤੇ ਉਸ ਤੋਂ ਬਾਅਦ ਸਰਜਨਾਂ ਨੇ ਜੋਤਿਸ਼ੀ ਦੇ ਸਰੀਰ ਤੋਂ ਉਸ ਦਾ ਲਿਵਰ, ਦੋਵੇਂ ਅੱਖਾਂ ਅਤੇ ਚਮੜੀ ਕੱਢ ਦਿੱਤੀ। ਅਧਿਕਾਰੀਆਂ ਮੁਤਾਬਕ ਕੋਚੇਟਾ ਦਾ ਲਿਵਰ 58 ਸਾਲਾ ਮਹਿਲਾ ਮਰੀਜ਼ ਵਿਚ ਟਰਾਂਸਪਲਾਂਟ ਕੀਤਾ ਜਾ ਰਿਹਾ ਹੈ, ਜਦਕਿ ਉਸ ਦੀਆਂ ਅੱਖਾਂ ਅਤੇ ਚਮੜੀ ਚਾਰ ਹੋਰ ਮਰੀਜ਼ਾਂ ’ਚ ਟਰਾਂਸਪਲਾਂਟ ਕੀਤੀ ਜਾਵੇਗੀ। 

ਅਧਿਕਾਰੀਆਂ ਨੇ ਦੱਸਿਆ ਕਿ ਇੰਦੌਰ ’ਚ 7 ਸਾਲਾਂ ਦੌਰਾਨ ਬ੍ਰੇਨ ਡੈੱਡ ਦੇ 43 ਮਰੀਜ਼ਾਂ ਦੇ ਅੰਗਦਾਨ ਹੋ ਚੁੱਕੇ ਹਨ। ਇਸ ਤੋਂ ਪ੍ਰਦਾਨ ਕੀਤੇ ਗਏ ਦਿਲ, ਲਿਵਰ, ਗੁਰਦੇ, ਅੱਖਾਂ ਅਤੇ ਚਮੜੀ ਦੇ ਟ੍ਰਾਂਸਪਲਾਂਟੇਸ਼ਨ ਨੇ ਮੱਧ ਪ੍ਰਦੇਸ਼ ਦੇ ਨਾਲ-ਨਾਲ ਦਿੱਲੀ, ਹਰਿਆਣਾ ਅਤੇ ਮਹਾਰਾਸ਼ਟਰ ਵਿਚ ਲੋੜਵੰਦ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਦਾ ਅਨਮੋਲ ਤੋਹਫਾ ਪ੍ਰਦਾਨ ਕੀਤਾ ਹੈ। ਅੰਗਾਂ ਨੂੰ ਹਵਾਈ ਮਾਰਗ ਰਾਹੀਂ ਦੂਜੇ ਸੂਬਿਆਂ ਤੱਕ ਪਹੁੰਚਾਇਆ ਗਿਆ ਹੈ।


Tanu

Content Editor

Related News