MP : ਸ਼ਾਹਡੋਲ ’ਚ ਸਾਲਾਂ ਤੋਂ ਬੰਦ ਪਈ ਕੋਲਾ ਖਾਨ ’ਚ ਦਮ ਘੁੱਟਣ ਕਾਰਨ 7 ਨੌਜਵਾਨਾਂ ਦੀ ਮੌਤ

01/29/2023 1:00:38 AM

ਸ਼ਾਹਡੋਲ : ਮੱਧ ਪ੍ਰਦੇਸ਼ ਦੇ ਸ਼ਾਹਡੋਲ ਜ਼ਿਲ੍ਹੇ ’ਚ ਸਾਲਾਂ ਤੋਂ ਬੰਦ ਪਈ ਦੱਖਣੀ ਪੂਰਬੀ ਕੋਲਫੀਲਡਜ਼ ਲਿਮਟਿਡ (ਐੱਸ.ਈ.ਸੀ.ਐੱਲ.) ਦੀ ਇਕ ਭੂਮੀਗਤ ਕੋਲਾ ਖਾਨ ’ਚੋਂ ਸ਼ਨੀਵਾਰ ਸ਼ਾਮ ਨੂੰ ਤਿੰਨ ਹੋਰ ਨੌਜਵਾਨਾਂ ਦੀਆਂ ਲਾਸ਼ਾਂ ਮਿਲੀਆਂ। ਇਸ ਤੋਂ ਇਕ ਦਿਨ ਪਹਿਲਾਂ ਸ਼ੁੱਕਰਵਾਰ ਨੂੰ ਚੋਰੀ ਦੇ ਇਰਾਦੇ ਨਾਲ ਖਾਨ ’ਚ ਦਾਖ਼ਲ ਹੋਏ ਚਾਰ ਨੌਜਵਾਨਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਸਨ, ਜਿਨ੍ਹਾਂ ਦੀ ਉਥੇ ਜ਼ਹਿਰੀਲੀ ਗੈਸ ਲੀਕ ਹੋਣ ਕਾਰਨ ਮੌਤ ਹੋ ਗਈ ਸੀ। ਇਸ ਦੇ ਨਾਲ ਹੀ ਦੋ ਦਿਨਾਂ ’ਚ ਇਸ ਖਾਨ ’ਚੋਂ ਸੱਤ ਨੌਜਵਾਨਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ।

ਇਹ ਖ਼ਬਰ ਵੀ ਪੜ੍ਹੋ : ਅਮਰੀਕਾ ਦੇ ਲਾਸ ਏਂਜਲਸ ’ਚ ਚੱਲੀਆਂ ਤਾਬੜਤੋੜ ਗੋਲ਼ੀਆਂ, ਤਿੰਨ ਦੀ ਮੌਤ

ਇਸ ਮਾਮਲੇ ’ਚ ਪੁਲਸ ਨੇ ਐੱਸ.ਈ.ਸੀ.ਐੱਲ. ਪ੍ਰਬੰਧਨ ਦੇ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 304-ਏ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਵਿਸਥਾਰਤ ਜਾਂਚ ਕੀਤੀ ਜਾ ਰਹੀ ਹੈ। ਇਹ ਖਾਨ ਸ਼ਾਹਡੋਲ ਜ਼ਿਲਾ ਹੈੱਡਕੁਆਰਟਰ ਤੋਂ ਤਕਰੀਬਨ 28 ਕਿਲੋਮੀਟਰ ਦੂਰ ਧਨਪੁਰੀ ਥਾਣਾ ਖੇਤਰ ’ਚ ਸਥਿਤ ਹੈ ਅਤੇ ਇਹ 7 ਨੌਜਵਾਨ 26 ਜਨਵਰੀ ਨੂੰ ਦੋ ਵੱਖ-ਵੱਖ ਮੁਹਾਣਿਆਂ ਰਾਹੀਂ ਇਸ ਖਾਨ ’ਚ ਦਾਖ਼ਲ ਹੋਏ ਸਨ। ਵਧੀਕ ਪੁਲਸ ਸੁਪਰਡੈਂਟ ਮੁਕੇਸ਼ ਵੈਸ਼ ਨੇ ਪੀ.ਟੀ.ਆਈ. ਨੂੰ ਦੱਸਿਆ ਕਿ ਅਮਲਾਈ ਥਾਣਾ ਖੇਤਰ ਦੇ ਚੀਪ ਹਾਊਸ ਵਾਸੀ ਰੋਹਿਤ ਕੋਲ, ਚਾਚਈ ਥਾਣਾ ਖੇਤਰ ਦੇ ਰਾਜੇਸ਼ ਮਿਸ਼ਰਾ ਅਤੇ ਮਨੋਜ ਬਰਮਨ ਦੇ ਲਾਪਤਾ ਹੋਣ ਦੀ ਰਿਪੋਰਟ ਪੁਲਸ ਕੋਲ ਦਰਜ ਕਰਵਾਈ ਗਈ ਸੀ। ਉਨ੍ਹਾਂ ਦੱਸਿਆ ਕਿ 27 ਜਨਵਰੀ ਨੂੰ ਬੰਦ ਪਈ ਕੋਲੇ ਦੀ ਖਾਨ ’ਚੋਂ 4 ਨੌਜਵਾਨਾਂ ਦੀਆਂ ਲਾਸ਼ਾਂ ਮਿਲੀਆਂ ਸਨ, ਜਿਸ ਕਰਕੇ ਸ਼ੱਕ ਪ੍ਰਗਟਾਇਆ ਜਾ ਰਿਹਾ ਸੀ ਕਿ ਇਹ ਤਿੰਨੋਂ ਨੌਜਵਾਨ ਖਾਨ ਦੇ ਅੰਦਰ ਤਾਂ ਨਹੀਂ ਗਏ ਹਨ।

ਇਹ ਖਬਰ ਵੀ ਪੜ੍ਹੋ : ਪੰਜਾਬੀਆਂ ਲਈ ਮਾਣ ਵਾਲੀ ਗੱਲ, ਗੁਰਮਿੰਦਰ ਗੈਰੀ ਅਮਰੀਕਾ ਦੇ ਮੈਨਟੀਕਾ ਸ਼ਹਿਰ ਦੇ ਦੂਜੀ ਵਾਰ ਬਣੇ ਮੇਅਰ

ਵੈਸ਼ ਨੇ ਦੱਸਿਆ ਕਿ ਇਸ ਤੋਂ ਬਾਅਦ ਅੱਜ ਹਸਦੇਵ ਇਲਾਕੇ ਦੀ ਬਚਾਅ ਟੀਮ ਅਤੇ ਸਥਾਨਕ ਕੋਲਾ ਖਾਨ ਤੇ ਪੁਲਸ ਪ੍ਰਸ਼ਾਸਨ ਮੌਕੇ ’ਤੇ ਪਹੁੰਚ ਗਿਆ। ਉਨ੍ਹਾਂ ਦੱਸਿਆ ਕਿ ਕੋਲਾ ਖਾਨ ਦੀ ਟੀਮ ਨੇ ਸਵੇਰ ਤੋਂ ਬਚਾਅ ਕਾਰਜ ਸ਼ੁਰੂ ਕੀਤਾ। ਉਨ੍ਹਾਂ ਦੱਸਿਆ ਕਿ ਟੀਮ ਨੇ ਪਹਿਲਾਂ ਤਾਂ ਮੁਹਾਣਾ ਤੋੜ ਕੇ ਇਕ ਵੱਡਾ ਦਰਵਾਜ਼ਾ ਬਣਾਇਆ ਅਤੇ ਉਸ ਤੋਂ ਬਾਅਦ ਜਦੋਂ ਟੀਮ ਅੰਦਰ ਗਈ ਤਾਂ ਉੱਥੇ ਇਕ ਕੰਧ ਦਿਖਾਈ ਦਿੱਤੀ, ਫਿਰ ਉਸ ਤੋਂ ਬਾਅਦ ਉਸ ਕੰਧ ਨੂੰ ਵੀ ਤੋੜਿਆ ਗਿਆ। ਅਧਿਕਾਰੀ ਨੇ ਦੱਸਿਆ ਕਿ ਤਕਰੀਬਨ 5 ਘੰਟਿਆਂ ਦੀ ਸਖ਼ਤ ਮਿਹਨਤ ਤੋਂ ਬਾਅਦ ਆਖ਼ਿਰਕਾਰ ਐੱਸ. ਈ. ਸੀ. ਐੱਲ. ਦੀ ਬਚਾਅ ਟੀਮ ਨੂੰ ਸਫ਼ਲਤਾ ਮਿਲੀ ਅਤੇ ਸ਼ਨੀਵਾਰ ਸ਼ਾਮ 7.30 ਵਜੇ ਦੇ ਕਰੀਬ ਖਾਨ ’ਚੋਂ ਤਿੰਨ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਵੈਸ਼ ਨੇ ਕਿਹਾ, “ਇਸ ਦੇ ਨਾਲ ਹੀ ਹੁਣ ਬੰਦ ਪਈ ਕੋਲਾ ਖਾਨ ’ਚ ਮਰਨ ਵਾਲਿਆਂ ਦੀ ਗਿਣਤੀ 7 ਹੋ ਗਈ ਹੈ। ਚਾਰਾਂ ਨੌਜਵਾਨਾਂ ਦੀਆਂ ਲਾਸ਼ਾਂ 27 ਜਨਵਰੀ ਦੀ ਸਵੇਰ ਨੂੰ ਮਿਲੀਆਂ ਸਨ।’’

ਉਨ੍ਹਾਂ ਦੱਸਿਆ ਕਿ ਇਸ ਭੂਮੀਗਤ ਕੋਲਾ ਖਾਨ ’ਚ 4 ਵਿਅਕਤੀਆਂ ਦੀ ਮੌਤ ਦੇ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਹੈ। ਵੈਸ਼ ਨੇ ਕਿਹਾ ਕਿ ਐੱਸ. ਈ. ਸੀ. ਐੱਲ. ਬੁੱਧਰ ਗਰੁੱਪ ਮੈਨੇਜਮੈਂਟ ਵੱਲੋਂ ਬੰਦ ਪਈ ਖਾਨ ਦੇ ਮੂੰਹ ਨੂੰ ਬੰਦ ਕਰਨ, ਜ਼ਹਿਰੀਲੀ ਗੈਸ ਦੇ ਲੀਕ ਹੋਣ ਅਤੇ ਬੰਦ ਖਾਨ ਦੀ ਜਨਤਕ ਸੂਚਨਾ ਅਤੇ ਚੇਤਾਵਨੀ ਬੋਰਡ ਆਦਿ ਨੂੰ ਬੰਦ ਕਰਨ ’ਚ ਉਚਿਤ ਸਾਵਧਾਨੀ ਨਹੀਂ ਵਰਤੀ ਗਈ ਅਤੇ ਸੁਰੱਖਿਆ ਲਈ ਗਾਰਡਾਂ ਦਾ ਪ੍ਰਬੰਧ ਨਹੀਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ 26 ਜਨਵਰੀ ਦੀ ਰਾਤ ਨੂੰ 4 ਵਿਅਕਤੀ ਸਕਰੈਪ ਲੋਹਾ ਕੱਢਣ ਲਈ ਬੰਦ ਪਈ ਜ਼ਮੀਨਦੋਜ਼ ਖੱਡ ’ਚ ਦਾਖ਼ਲ ਹੋਏ ਸਨ।

ਉਨ੍ਹਾਂ ਦੱਸਿਆ ਕਿ ਜ਼ਮੀਨਦੋਜ਼ ਖਾਨ ਅੰਦਰ ਜ਼ਹਿਰੀਲੀ ਗੈਸ ਫੈਲਣ ਕਾਰਨ ਇਹ ਸਾਰੇ ਜ਼ਹਿਰੀਲੀ ਗੈਸ ਦੀ ਲਪੇਟ ’ਚ ਆ ਗਏ ਅਤੇ ਰਾਜ ਮਹਤੋ (20), ਹਜ਼ਾਰੀ ਕੋਲ (30), ਰਾਹੁਲ ਕੋਲ (23) ਅਤੇ ਕਪਿਲ ਵਿਸ਼ਵਕਰਮਾ (21) ਦੀ ਮੌਤ ਹੋ ਗਈ, ਜਦਕਿ ਉਸ ਦਾ ਇਕ ਹੋਰ ਸਾਥੀ ਸੁਰੰਗ ਦੇ ਬਾਹਰ ਖੜ੍ਹਾ ਸੀ, ਜਿਸ ਨੇ ਬਾਅਦ ’ਚ ਇਸ ਬਾਰੇ ਪੁਲਸ ਨੂੰ ਸੂਚਨਾ ਦਿੱਤੀ। ਚਾਰੋਂ ਧਨਪੁਰੀ ਦੇ ਰਹਿਣ ਵਾਲੇ ਸਨ। ਦੂਜੇ ਪਾਸੇ ਸ਼ਾਹਡੋਲ ਜ਼ਿਲ੍ਹੇ ਦੇ ਐੱਸ.ਪੀ. ਕੁਮਾਰ ਪ੍ਰਤੀਕ ਨੇ ਥਾਣਾ ਧਨਪੁਰੀ ਦੇ ਇੰਚਾਰਜ ਇੰਸਪੈਕਟਰ ਰਤਨੰਬਰ ਸ਼ੁਕਲਾ ਅਤੇ ਬੀਟ ਇੰਚਾਰਜ ਸਹਾਇਕ ਸਬ-ਇੰਸਪੈਕਟਰ ਗੁਲਾਮ ਹੁਸੈਨ ਨੂੰ ਥਾਣਾ ਧਨਪੁਰੀ ਤੋਂ ਹਟਾ ਕੇ ਪੁਲਸ ਲਾਈਨ ਭੇਜ ਦਿੱਤਾ ਹੈ।


Manoj

Content Editor

Related News