ਓਡੀਸ਼ਾ ਵਿਧਾਨ ਸਭਾ ਨੇੜੇ ਮਾਂ-ਪੁੱਤ ਨੇ ਕੀਤੀ ਆਤਮਦਾਹ ਦੀ ਕੋਸ਼ਿਸ਼

Saturday, Nov 28, 2020 - 06:32 PM (IST)

ਓਡੀਸ਼ਾ ਵਿਧਾਨ ਸਭਾ ਨੇੜੇ ਮਾਂ-ਪੁੱਤ ਨੇ ਕੀਤੀ ਆਤਮਦਾਹ ਦੀ ਕੋਸ਼ਿਸ਼

ਭੁਵਨੇਸ਼ਵਰ (ਭਾਸ਼ਾ)— ਓਡੀਸ਼ਾ ਵਿਧਾਨ ਸਭਾ ਨੇੜੇ ਇਕ ਮਾਂ-ਪੁੱਤ ਨੇ ਪੁਲਸ ਦੀ ਨਾਕਾਮੀ ਨੂੰ ਲੈ ਕੇ ਸਰਕਾਰ ਦਾ ਧਿਆਨ ਖਿੱਚਣ ਲਈ ਸ਼ਨੀਵਾਰ ਭਾਵ ਅੱਜ ਆਤਮਦਾਹ ਕਰਨ ਦੀ ਕੋਸ਼ਿਸ਼ ਕੀਤੀ। ਦੱਸ ਦੇਈਏ ਕਿ ਇਕ ਹਫ਼ਤੇ ਤੋਂ ਵੀ ਘੱਟ ਸਮੇਂ ਵਿਚ ਇਸ ਤਰ੍ਹਾਂ ਦੀ ਇਹ ਤੀਜੀ ਘਟਨਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜਗਤਸਿੰਘਪੁਰ ਜ਼ਿਲ੍ਹੇ ਦੇ ਕੁਜਾਂਗ ਦੀ ਸੁਲੋਚਨਾ ਦਾਸ ਅਤੇ ਉਸ ਦੇ ਪੁੱਤਰ ਸੁਬਰਤ ਦਾਸ ਨੇ ਵਿਧਾਨ ਸਭਾ ਕੰਪਲੈਕਸ ਦੇ ਕਰੀਬ ਆਈ. ਜੀ. ਪਾਰਕ ਕੋਲ ਖ਼ੁਦ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਦੱਸਿਆ ਕਿ ਹਾਲਾਂਕਿ ਇਕ ਚੌਕਸ ਸੁਰੱਖਿਆ ਕਾਮੇ ਨੇ ਤੁਰੰਤ ਦਖ਼ਲ ਅੰਦਾਜ਼ੀ ਕੀਤੀ ਅਤੇ ਉਨ੍ਹਾਂ ਨੂੰ ਮਾਚਿਸ ਦੀ ਤੀਲੀ ਲਾਉਣ ਤੋਂ ਰੋਕਿਆ। ਦੋਹਾਂ ਨੇ ਖ਼ੁਦ 'ਤੇ ਮਿੱਟੀ ਦਾ ਤੇਲ ਛਿੜਕਿਆ ਸੀ। ਹਿਰਾਸਤ ਵਿਚ ਲਏ ਜਾਣ ਦੌਰਾਨ, ਸੁਲੋਚਨਾ ਨੇ ਕਿਹਾ ਕਿ ਜਗਤਸਿੰਘਪੁਰ ਵਿਚ ਪੁਲਸ ਤੋਂ ਇਨਸਾਫ਼ ਪਾਉਣ 'ਚ ਅਸਮਰੱਥ ਹੋਣ ਮਗਰੋਂ ਉਹ ਭੁਵਨੇਸ਼ਵਰ ਆਈ ਅਤੇ ਆਤਮਦਾਹ ਦੀ ਕੋਸ਼ਿਸ਼ ਕੀਤੀ।

ਸੁਲੋਚਨਾ ਨੇ ਦੋਸ਼ ਲਾਇਆ ਕਿ ਉਸ ਦੇ ਦੂਜੇ ਪੁੱਤਰ ਦਾ 20 ਜੁਲਾਈ 2019 ਨੂੰ ਕਤਲ ਕਰ ਦਿੱਤਾ ਗਿਆ ਸੀ ਅਤੇ ਪੁਲਸ ਨੇ ਕੁਦਰਤੀ ਮੌਤ ਦਾ ਮਾਮਲਾ ਦਰਜ ਕਰਨ ਤੋਂ ਬਾਅਦ ਇਸ ਮਾਮਲੇ 'ਚ ਜਾਂਚ ਨੂੰ ਬੰਦ ਕਰ ਦਿੱਤਾ। ਭਰਾ ਸੁਬਰਤ ਨੇ ਕਿਹਾ ਕਿ ਮੈਨੂੰ ਪਤਾ ਹੈ ਕਿ ਮੇਰੇ ਭਰਾ ਦਾ ਕਤਲ ਹੋਇਆ ਸੀ ਪਰ ਪੁਲਸ ਇਨਸਾਫ਼ ਦੇਣ 'ਚ ਨਾਕਾਮ ਰਹੀ। ਅਸੀਂ ਬਹੁਤ ਕੋਸ਼ਿਸ਼ ਕੀਤੀ, ਕਈਆਂ ਨਾਲ ਸੰਪਰਕ ਕੀਤਾ ਪਰ ਨਿਰਾਸ਼ਾ ਹੱਥ ਲੱਗੀ। 

ਦੱਸ ਦੇਈਏ ਕਿ ਮੌਜੂਦਾ ਸਮੇਂ ਵਿਚ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ 3 ਕਿਸਾਨਾਂ ਨੇ ਵਿਧਾਨ ਸਭਾ ਗੇਟ ਨੇੜੇ ਆਤਮਦਾਹ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਨੇ ਦੋਸ਼ ਲਾਇਆ ਕਿ ਕੁਝ ਅਣਪਛਾਤੇ ਵਿਅਕਤੀਆਂ ਨੇ ਕਟਕ ਜ਼ਿਲ੍ਹਾ ਦੇ ਸਹਿਕਾਰੀ ਬੈਂਕ ਤੋਂ ਉਨ੍ਹਾਂ ਦੇ ਨਾਂ ਤੋਂ ਕਰਜ਼ ਲਿਆ ਪਰ ਉਹ ਪੁਲਸ ਕੋਲ ਸ਼ਿਕਾਇਤ ਦਰਜ ਕਰਾਉਣ ਤੋਂ ਬਾਅਦ ਵੀ ਇਨਸਾਫ਼ ਪਾਉਣ 'ਚ ਅਸਫ਼ਲ ਰਹੇ ਹਨ। ਇਸ ਤਰ੍ਹਾਂ ਹੀ ਮੰਗਲਵਾਰ ਨੂੰ ਨਯਾਗੜ੍ਹ ਜ਼ਿਲ੍ਹੇ ਦੇ ਇਕ ਜੋੜੇ ਨੇ ਵਿਧਾਨ ਸਭਾ ਦੇ ਸਾਹਮਣੇ ਖ਼ੁਦ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਨੇ ਆਪਣੀ ਨਾਬਾਲਗ ਧੀ ਦੇ ਅਗਵਾ ਹੋਣ ਅਤੇ 14 ਜੁਲਾਈ ਨੂੰ ਉਸ ਦੀ ਮੌਤ ਦੇ ਮਾਮਲੇ ਵਿਚ ਇਨਸਾਫ਼ ਦੀ ਮੰਗ ਕੀਤੀ ਹੈ।


author

Tanu

Content Editor

Related News