ਯੂਕ੍ਰੇਨ ਤੋਂ ਹੁਣ ਤੱਕ 9 ਹਜ਼ਾਰ ਤੋਂ ਵੱਧ ਭਾਰਤੀ ਵਤਨ ਪਰਤੇ, ਇਕ ਵਿਦਿਆਰਥੀ ਦੀ ਮੌਤ
Tuesday, Mar 01, 2022 - 05:00 PM (IST)
ਨਵੀਂ ਦਿੱਲੀ (ਵਾਰਤਾ)- ਭਾਰਤ ਨੇ ਯੁੱਧ ਪ੍ਰਭਾਵਿਤ ਯੂਕ੍ਰੇਨ ਤੋਂ ਹੁਣ ਤੱਕ 9 ਹਜ਼ਾਰ ਤੋਂ ਵੱਧ ਭਾਰਤੀਆਂ ਨੂੰ ਬਾਹਰ ਕੱਢ ਲਿਆ ਹੈ, ਜਦੋਂ ਕਿ ਪੂਰਬੀ ਯੂਕ੍ਰੇਨ 'ਚ ਖਾਰਕੀਵ ਅਤੇ ਹੋਰ ਸ਼ਹਿਰਾਂ 'ਚ ਫਸੇ ਭਾਰਤੀਆਂ ਨੂੰ ਸੁਰੱਖਿਅਤ ਕੱਢਣ ਲਈ ਸਰਹੱਦ ਦੇ ਨੇੜੇ ਰੂਸੀ ਸ਼ਹਿਰ ਬੇਲਗੋਰੋਦ 'ਚ ਆਪਣੇ ਡਿਪਲੋਮੈਟਾਂ ਦੀ ਇਕ ਟੀਮ ਨੂੰ ਤਾਇਨਾਤ ਕਰ ਦਿੱਤਾ ਹੈ। ਸੂਤਰਾਂ ਅਨੁਸਾਰ ਖਾਰਕੀਵ 'ਚ ਮੰਗਲਵਾਰ ਸਵੇਰੇ ਗੋਲੀਬਾਰੀ 'ਚ ਇਕ ਵਿਦਿਆਰਥੀ ਦੀ ਮੌਤ ਤੋਂ ਬਾਅਦ ਸਰਕਾਰ ਨੇ ਰੂਸ ਅਤੇ ਯੂਕ੍ਰੇਨ ਦੇ ਡਿਪਲੋਮੈਟਾਂ ਨੂੰ ਮੁੜ ਅਪੀਲ ਕੀਤੀ ਹੈ ਕਿ ਉਹ ਪੂਰਬੀ ਯੂਕ੍ਰੇਨ 'ਚ ਫਸੇ ਭਾਰਤੀਆਂ ਦੀ ਸੁਰੱਖਿਅਤ ਵਾਪਸੀ ਲਈ ਮਦਦ ਕਰੇ। ਸੂਤਰਾਂ ਨੇ ਕਿਹਾ ਕਿ ਖਾਰਕੀਵ 'ਚ ਵਿਗੜਦੀ ਸਥਿਤੀ ਬੇਹੱਦ ਚਿੰਤਾਜਨਕ ਹੈ। ਭਾਰਤੀ ਨਾਗਰਿਕਾਂ ਦੀ ਸੁਰੱਖਿਆ ਸਰਕਾਰ ਦੀ ਸਰਵਉੱਚ ਪਹਿਲ ਹੈ। ਅਸੀਂ ਰੂਸ ਅਤੇ ਯੂਕ੍ਰੇਨ ਦੇ ਦੂਤਘਰਾਂ 'ਤੇ ਇਸ ਗੱਲ ਦਾ ਦਬਾਅ ਪਾਇਆ ਗਿਆ ਹੈ ਕਿ ਉਹ ਖਾਰਕੀਵ ਅਤੇ ਯੁੱਧ ਪ੍ਰਭਾਵਿਤ ਖੇਤਰ ਦੇ ਹੋਰ ਸ਼ਹਿਰਾਂ 'ਚ ਫਸੇ ਭਾਰਤੀ ਨਾਗਰਿਕਾਂ ਅਤੇ ਵਿਦਿਆਰਥੀਆਂ ਨੂੰ ਸੁਰੱਖਿਅਤ ਕੱਢਣ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਯੂਕ੍ਰੇਨ ਤੋਂ ਪੋਲੈਂਡ ਜਾਣ ਵਾਲੀ ਟਰੇਨ ’ਤੇ ਅਚਾਨਕ ਚੜ੍ਹੇ ਸਿੱਖ ਨੌਜਵਾਨ, ਫਿਰ ਵੰਡਿਆ ਜਾਣ ਲੱਗਾ ਲੰਗਰ
ਸੂਤਰਾਂ ਅਨੁਸਾਰ 24 ਫਰਵਰੀ ਨੂੰ ਯੁੱਧ ਸ਼ੁਰੂ ਹੋਣ ਦੇ ਬਾਅਦ ਤੋਂ ਰੂਸ ਅਤੇ ਯੂਕ੍ਰੇਨ ਤੋਂ ਵਾਰ-ਵਾਰ ਇਹ ਮੰਗ ਕੀਤੀ ਹੈ। ਇਹ ਮੰਗ ਨਵੀਂ ਦਿੱਲੀ 'ਚ ਦੋਹਾਂ ਦੇਸ਼ਾਂ ਦੇ ਰਾਜਦੂਤਾਂ ਵਲੋਂ ਉਨ੍ਹਾਂ ਦੇਸ਼ਾਂ ਦੀਆਂ ਰਾਜਧਾਨੀਆਂ 'ਚ ਤਾਇਨਾਤ ਭਾਰਤੀ ਰਾਜਦੂਤਾਂ ਦੇ ਮਾਧਿਅਮ ਨਾਲ ਉੱਥੇ ਦੀ ਸਰਕਾਰ ਤੋਂ ਕੀਤੀ ਗਈ ਹੈ। ਸੂਤਰਾਂ ਨੇ ਦੱਸਿਆ ਕਿ ਭਾਰਤ ਵਲੋਂ ਵਿਦਿਆਰਥੀਆਂ ਦੀ ਸੁਰੱਖਿਅਤ ਵਾਪਸੀ ਦੀਆਂ ਤਿਆਰੀਆਂ ਪਹਿਲਾਂ ਤੋਂ ਹੀ ਹਨ। ਹੁਣ ਇਕ ਭਾਰਤੀ ਟੀਮ ਨੂੰ ਯੂਕ੍ਰੇਨ ਦੀ ਸਰਹੱਦ ਨਾਲ ਲੱਗੇ ਰੂਸੀ ਸ਼ਹਿਰ ਬੇਲਗੋਰੋਦ 'ਚ ਤਾਇਨਾਤ ਕੀਤਾ ਗਿਆ ਹੈ। ਹਾਲਾਂਕਿ ਖਾਰਕੀਵ ਅਤੇ ਨੇੜੇ-ਤੇੜੇ ਦੇ ਸ਼ਹਿਰਾਂ 'ਚ ਯੁੱਧ ਦੇ ਹਾਲਾਤ ਇਕ ਵੱਡੀ ਰੁਕਾਵਟ ਹੈ। ਇਸ ਲਈ ਰੂਸ ਅਤੇ ਯੂਕ੍ਰੇਨ ਲਈ ਸਾਡੀ ਜ਼ਰੂਰਤ ਅਨੁਸਾਰ ਸੁਰੱਖਿਅਤ ਮਾਰਗ ਦੇਣਾ ਜ਼ਰੂਰੀ ਹੈ। ਸੂਤਰਾਂ ਅਨੁਸਾਰ, ਜਿੱਥੇ ਯੁੱਧ ਦੀ ਸਥਿਤੀ ਨਹੀਂ ਹੈ, ਉੱਥੋਂ ਅਸੀਂ ਆਪਣੇ ਨਾਗਰਿਕਾਂ ਨੂੰ ਕੱਢ ਸਕੇ ਹਾਂ। 9 ਹਜ਼ਾਰ ਤੋਂ ਵੱਧ ਲੋਕਾਂ ਨੂੰ ਯੂਕ੍ਰੇਨ ਤੋਂ ਬਾਹਰ ਕੱਢਿਆ ਜਾ ਚੁਕਿਆ ਹੈ, ਜਦੋਂ ਕਿ ਵੱਡੀ ਗਿਣਤੀ 'ਚ ਲੋਕ ਹੁਣ ਸੁਰੱਖਿਅਤ ਇਲਾਕਿਆਂ 'ਚ ਪਹੁੰਚ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਆਪਣੇ ਨਾਗਰਿਕਾਂ ਨੂੰ ਯੂਕ੍ਰੇਨ ਤੋਂ ਸੁਰੱਖਿਅਤ ਕੱਢਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ