Air India ਸਮੇਤ 70 ਤੋਂ ਵੱਧ ਉੱਡਾਣਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ
Thursday, Oct 24, 2024 - 05:26 PM (IST)
ਨਵੀਂ ਦਿੱਲੀ- ਸਰਕਾਰ ਦੀ ਸਖ਼ਤੀ ਦੇ ਬਾਵਜੂਦ ਜਹਾਜ਼ਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਦਾ ਸਿਲਸਿਲਾ ਖ਼ਤਮ ਨਹੀਂ ਹੋ ਰਿਹਾ ਹੈ। ਦੇਸ਼ ਦੀਆਂ ਮੁੱਖ ਏਅਰਲਾਈਨਜ਼ ਨੂੰ ਇਕ ਵਾਰ ਫਿਰ ਤੋਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ, ਜਿਸ 'ਚ ਏਅਰ ਇੰਡੀਆ, ਇੰਡੀਗੋ, ਵਿਸਤਾਰਾ ਅਤੇ ਅਕਾਸਾ ਏਅਰ ਸ਼ਾਮਲ ਹਨ। ਵੀਰਵਾਰ ਯਾਨੀ ਕਿ ਅੱਜ 70 ਤੋਂ ਵੱਧ ਉਡਾਣਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ। ਪਿਛਲੇ 11 ਦਿਨਾਂ ਵਿਚ ਲੱਗਭਗ 250 ਜਹਾਜ਼ਾਂ ਨੂੰ ਅਜਿਹੀਆਂ ਧਮਕੀਆਂ ਦਾ ਸਾਹਮਣਾ ਕਰਨਾ ਪਿਆ ਹੈ।
ਅਕਾਸਾ ਏਅਰ ਦੇ ਬੁਲਾਰੇ ਨੇ ਦੱਸਿਆ ਕਿ 24 ਅਕਤੂਬਰ ਨੂੰ ਕੁਝ ਜਹਾਜ਼ਾਂ ਨੂੰ ਸਕਿਓਰਿਟੀ ਅਲਰਟ ਮਿਲੇ ਹਨ। ਅਕਾਸਾ ਏਅਰ ਦੀ ਐਮਰਜੈਂਸੀ ਰਿਸਪਾਂਸ ਟੀਮਾਂ ਸਥਿਤੀ 'ਤੇ ਨਜ਼ਰ ਬਣਾਏ ਹੋਏ ਹਨ ਅਤੇ ਸੁਰੱਖਿਆ ਅਤੇ ਰੈਗੂਲੇਟਰੀ ਅਧਿਕਾਰੀਆਂ ਨਾਲ ਸੰਪਰਕ ਵਿਚ ਹਨ। ਅਧਿਕਾਰੀਆਂ ਨਾਲ ਮਿਲ ਕੇ ਸਾਰੇ ਸੁਰੱਖਿਆ ਉਪਾਅ ਕੀਤੇ ਜਾ ਰਹੇ ਹਨ।
ਸੂਤਰਾਂ ਮੁਤਾਬਕ ਇੰਡੀਗੋ, ਏਅਰ ਇੰਡੀਆ ਅਤੇ ਵਿਸਤਾਰਾ ਦੀਆਂ 20 ਉਡਾਣਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਕੁੱਲ ਮਿਲਾ ਕੇ 70 ਤੋਂ ਵੱਧ ਉਡਾਣਾਂ ਪ੍ਰਭਾਵਿਤ ਹੋਈਆਂ ਹਨ। ਇਸ ਨਾਲ ਯਾਤਰੀਆਂ ਅਤੇ ਕਰੂ ਮੈਂਬਰਾਂ ਵਿਚਾਲੇ ਚਿੰਤਾ ਵੱਧ ਗਈ ਹੈ। ਹਾਲਾਤ ਨੂੰ ਸੰਭਾਲਣ ਲਈ ਸਾਰੀਆਂ ਏਅਰਲਾਈਨਜ਼ ਨੇ ਆਪਣੇ ਸੁਰੱਖਿਆ ਪ੍ਰੋਟੋਕਾਲ ਨੂੰ ਸਖ਼ਤੀ ਨਾਲ ਲਾਗੂ ਕੀਤਾ ਹੈ। ਇਸ ਤੋਂ ਇਲਾਵਾ ਇੰਡੀਗੋ ਦੇ 20, ਅਕਾਸਾ ਦੇ 25 ਅਤੇ ਵਿਸਤਾਰਾ ਦੇ 20 ਜਹਾਜ਼ਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ।