ਦੇਸ਼ ’ਚ ਕੋਰੋਨਾ ਨਾਲ 600 ਤੋਂ ਵੱਧ ਲੋਕਾਂ ਦੀ ਮੌਤ ਪਰ ਨਵੇਂ ਮਾਮਲਿਆਂ ਦੀ ਗਿਣਤੀ ਘਟੀ
Sunday, Nov 28, 2021 - 12:11 PM (IST)
ਨਵੀਂ ਦਿੱਲੀ (ਵਾਰਤਾ)- ਦੇਸ਼ ’ਚ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਅਤੇ ਮੌਤਾਂ ਦੀ ਗਿਣਤੀ ’ਚ ਉਤਾਰ-ਚੜ੍ਹਾਵ ਲਗਾਤਾਰ ਜਾਰੀ ਹੈ। ਪਿਛਲੇ 24 ਘੰਟਿਆਂ ’ਚ ਭਾਵੇਂ ਹੀ ਨਵੇਂ ਮਾਮਲਿਆਂ ’ਚ ਕਮੀ ਆਈਹੈ ਪਰ ਮ੍ਰਿਤਕਾਂ ਦੀ ਗਿਣਤੀ 600 ਦੇ ਪਾਰ ਹੋ ਗਈ ਹੈ। ਦੇਸ਼’ਚ ਪਿਛਲੇ 24 ਘੰਟਿਆਂ ਦੌਰਾਨ 73 ਲੱਖ 58 ਹਜ਼ਾਰ 17 ਕੋਰੋਨਾ ਟੀਕੇ ਲਾਏ ਗਏ ਹਨ। ਇਸ ਦੇ ਨਾਲ ਹੀ ਹੁਣ ਤੱਕ 121 ਕਰੋੜ 6 ਲੱਖ 58 ਹਜ਼ਾਰ 262 ਕੋਰੋਨਾ ਟੀਕੇ ਲਾਏ ਜਾ ਚੁਕੇ ਹਨ। ਕੇਂਦਰੀ ਸਿਹਤ ਮੰਤਰਾਲਾ ਵਲੋਂ ਐਤਵਾਰ ਸਵੇਰੇ ਜਾਰੀ ਅੰਕੜਿਆਂ ਅਨੁਸਾਰ, ਸ਼ਨੀਵਾਰ ਰਾਤ ਤੱਕ ਕੋਰੋਨਾ ਸੰਕਰਮਣ ਦੇ 8774 ਨਵੇਂ ਮਾਮਲੇ ਦਰਜ ਕੀਤੇ ਗਏ। ਇਸੇ ਦੇ ਨਾਲ ਪੀੜਤਾਂ ਦੀ ਗਿਣਤੀ ਵੱਧ ਕੇ 3 ਕਰੋੜ 45 ਲੱਖ 72 ਹਜ਼ਾਰ 523 ਹੋ ਗਈ ਹੈ। ਇਸ ਦੌਰਾਨ 9481 ਮਰੀਜ਼ਾਂ ਦੇ ਸਿਹਤਮੰਦ ਹੋਣ ਦੇ ਨਾਲ ਹੀ ਮਹਾਮਾਰੀ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ ਵੱਧ ਕੇ 3 ਕਰੋੜ 39 ਲੱਖ 98 ਹਜ਼ਾਰ 278 ਹੋ ਗਈ ਹੈ। ਇਸ ਮਿਆਦ ’ਚ ਸਰਗਰਮ ਮਾਮਲਿਆਂ ’ਚ 1328 ਦੀ ਕਮੀ ਦੇਖੀ ਗਈ ਹੈ ਅਤੇ ਇਸ ਦੇ ਨਾਲ ਕੁੱਲ ਸਰਗਰਮ ਮਾਮਲਿਆਂ ਦੀ ਗਿਣਤੀ ਘੱਟ ਕੇ 105691 ਰਹਿ ਗਈ ਹੈ।
ਬੀਤੇ 24 ਘੰਟਿਆਂ ’ਚ ਜਾਨਲੇਵਾ ਵਾਇਰਸ ਦੇ ਸੰਕਰਮਣ ਨਾਲ 621 ਹੋਰ ਮਰੀਜ਼ਾਂ ਦੀ ਮੌਤ ਨਾਲ ਮ੍ਰਿਤਕਾਂ ਦਾ ਅੰਕੜਾ ਵੱਧ ਕੇ 4 ਲੱਖ 68 ਹਜ਼ਾਰ 554 ਹੋ ਗਿਆ ਹੈ। ਦੇਸ਼’ਚ ਸਰਗਰਮ ਮਾਮਲਿਆਂ ਦੀ ਦਰ 0.31 ਫੀਸਦੀ, ਰਿਕਵਰੀ ਦਰ 98.34 ਫੀਸਦੀ ਅਤੇ ਮੌਤ ਦਰ 1.36 ਫੀਸਦੀ ਹੈ। ਦੇਸ਼ ’ਚ ਕੇਰਲ ਸਰਗਰਮ ਮਾਮਲਿਆਂ ’ਚ ਹਾਲੇ ਵੀ ਸਭ ਤੋਂ ਅੱਗੇ ਹੈ। ਇੱਥੇ ਸਰਗਰਮ ਮਾਮਲੇ 957 ਘੱਟ ਕੇ 49152 ਰਹਿ ਗਏਹਨ। ਸੂਬੇ ’ਚ 5144 ਮਰੀਜ਼ਾਂ ਦੇ ਸਿਹਤਮੰਦ ਹੋਣ ਨਾਲ ਕੋਰੋਨਾ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ ਵੱਧ ਕੇ 5040528 ਹੋ ਗਈ ਹੈ। ਇਸੇ ਮਿਆਦ ’ਚ 554 ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 39679 ਹੋ ਗਈ ਹੈ। ਕੇਰਲ ’ਚ ਪਿਛਲੇ 24 ਘੰਟਿਆਂ ’ਚ ਜਾਨਲੇਵਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵੀ ਸਭ ਤੋਂ ਉੱਪਰ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ