25 ਤੋਂ ਵੱਧ ਜਹਾਜ਼ਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ
Friday, Oct 25, 2024 - 04:53 PM (IST)
ਨਵੀਂ ਦਿੱਲੀ/ਮੁੰਬਈ- ਭਾਰਤੀ ਏਅਰਲਾਈਨਜ਼ ਵਲੋਂ ਸੰਚਾਲਿਤ 25 ਤੋਂ ਵੱਧ ਘਰੇਲੂ ਅਤੇ ਕੌਮਾਂਤਰੀ ਉਡਾਣਾਂ ਨੂੰ ਸ਼ੁੱਕਰਵਾਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਇੰਡੀਗੋ ਦੇ ਬੁਲਾਰੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੋਝੀਕੋਡ ਤੋਂ ਦਮਾਮ ਜਾਣ ਵਾਲੀ ਫਲਾਈ- 6E87 ਸਮੇਤ 7 ਉਡਾਣਾਂ ਨੂੰ ਸੁਰੱਖਿਆ ਸਬੰਧੀ ਸੂਚਨਾ ਮਿਲੀ। ਸੂਤਰਾਂ ਨੇ ਦੱਸਿਆ ਕਿ ਇੰਡੀਗੋ, ਵਿਸਤਾਰਾ ਅਤੇ ਸਪਾਈਸ ਜੈੱਟ ਦੀਆਂ 7-7 ਉਡਾਣਾਂ ਅਤੇ ਏਅਰ ਇੰਡੀਆ ਦੀਆਂ 6 ਉਡਾਣਾਂ ਨੂੰ ਧਮਕੀਆਂ ਮਿਲੀਆਂ ਹਨ।
ਇੰਡੀਗੋ ਦੀਆਂ 6 ਹੋਰ ਉਡਾਣਾਂ - 6E 2099 (ਉਦੈਪੁਰ ਤੋਂ ਦਿੱਲੀ), 6E 11 (ਦਿੱਲੀ ਤੋਂ ਇਸਤਾਂਬੁਲ), 6E 58 (ਜੇਦਾਹ ਤੋਂ ਮੁੰਬਈ), 6E 17 (ਮੁੰਬਈ ਤੋਂ ਇਸਤਾਂਬੁਲ), 6E 108 (ਹੈਦਰਾਬਾਦ ਤੋਂ ਚੰਡੀਗੜ੍ਹ) ਅਤੇ 6E 133 (ਪੁਣੇ ਤੋਂ ਜੋਧਪੁਰ ) ਨੂੰ ਧਮਕੀਆਂ ਮਿਲੀਆਂ ਹਨ। ਇੰਡੀਗੋ ਦੇ ਬੁਲਾਰੇ ਨੇ ਕਿਹਾ ਕਿ ਉਦੈਪੁਰ ਤੋਂ ਦਿੱਲੀ ਜਾਣ ਵਾਲੀ ਫਲਾਈਟ 6E2099 ਨੂੰ ਬੰਬ ਦੀ ਧਮਕੀ ਮਿਲੀ ਹੈ। ਸੁਰੱਖਿਆ ਏਜੰਸੀ ਦੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ ਕਰਦੇ ਹੋਏ ਜਹਾਜ਼ ਨੂੰ ਉਡਾਣ ਭਰਨ ਤੋਂ ਪਹਿਲਾਂ ਇਕ ਅਲੱਗ ਥਾਂ ਵੱਲ ਮੋੜ ਦਿੱਤਾ ਗਿਆ ਸੀ ਅਤੇ ਸਟੈਂਡਰਡ ਓਪਰੇਟਿੰਗ ਪ੍ਰਕਿਰਿਆਵਾਂ ਦਾ ਪਾਲਣ ਕੀਤਾ ਗਿਆ।
ਸਾਰੇ ਯਾਤਰੀਆਂ ਨੂੰ ਜਹਾਜ਼ ਤੋਂ ਸੁਰੱਖਿਅਤ ਉਤਾਰ ਲਿਆ ਗਿਆ। ਭਾਰਤੀ ਹਵਾਬਾਜ਼ੀ ਕੰਪਨੀਆਂ ਵਲੋਂ ਸੰਚਾਲਿਤ 275 ਤੋਂ ਵੱਧ ਉਡਾਣਾਂ ਨੂੰ 12 ਦਿਨਾਂ ਦੇ ਅੰਦਰ ਬੰਬ ਦੀ ਧਮਕੀ ਮਿਲੀ ਹੈ। ਜ਼ਿਆਦਾਤਰ ਧਮਕੀਆਂ ਸੋਸ਼ਲ ਮੀਡੀਆ ਰਾਹੀਂ ਦਿੱਤੀਆਂ ਗਈਆਂ ਸਨ। ਸਰਕਾਰ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਮੇਟਾ' ਅਤੇ 'ਐਕਸ' 'ਤੇ ਪਾਬੰਦੀ ਲਗਾ ਦਿੱਤੀ ਹੈ। ਏਅਰਲਾਈਨਜ਼ ਨੂੰ ਬੰਬ ਧਮਕੀ ਸੰਦੇਸ਼ਾਂ ਬਾਰੇ ਡਾਟਾ ਸਾਂਝਾ ਕਰਨ ਲਈ ਕਿਹਾ ਹੈ ਅਤੇ ਇਨ੍ਹਾਂ ਗਤੀਵਿਧੀਆਂ ਵਿਚ ਸ਼ਾਮਲ ਲੋਕਾਂ ਦੀ ਪਛਾਣ ਕਰਨੀ ਸ਼ੁਰੂ ਕਰ ਦਿੱਤੀ ਹੈ।