ਗਰਮੀ ਦੌਰਾਨ ਰਾਹਤ ਦੀ ਖ਼ਬਰ! ਇਸ ਵਾਰ ਸਮੇਂ ਤੋਂ ਪਹਿਲਾਂ ਆਵੇਗਾ ਮਾਨਸੂਨ
Tuesday, May 20, 2025 - 04:58 PM (IST)

ਨਵੀਂ ਦਿੱਲੀ- ਗਰਮੀ ਦਰਮਿਆਨ ਰਾਹਤ ਦੀ ਖ਼ਬਰ ਆਈ ਹੈ। ਇਸ ਵਾਰ ਮਾਨਸੂਨ ਸਮੇਂ ਤੋਂ ਪਹਿਲਾਂ ਆਵੇਗਾ। ਦੱਖਣੀ-ਪੱਛਮੀ ਮਾਨਸੂਨ ਦੇ ਅਗਲੇ 4 ਤੋਂ 5 ਦਿਨਾਂ ਵਿਚ ਕੇਰਲ ਪਹੁੰਚਣ ਦੀ ਸੰਭਾਵਨਾ ਹੈ। ਭਾਰਤ ਮੌਸਮ ਵਿਗਿਆਨ ਵਿਭਾਗ (IMD) ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਮੌਸਮ ਵਿਭਾਗ ਨੇ ਪਹਿਲਾਂ ਪੂਰਵ ਅਨੁਮਾਨ ਜਤਾਇਆ ਸੀ ਕਿ ਮਾਨਸੂਨ 27 ਮਈ ਤੱਕ ਕੇਰਲ ਵਿਚ ਦਸਤਕ ਦੇਵੇਗਾ। IMD ਦੇ ਅੰਕੜਿਆਂ ਮੁਤਾਬਕ ਜੇਕਰ ਮਾਨਸੂਨ ਉਮੀਦ ਮੁਤਾਬਕ ਕੇਰਲ ਪਹੁੰਚਦਾ ਹੈ ਤਾਂ ਇਹ 2009 ਤੋਂ ਬਾਅਦ ਸਭ ਤੋਂ ਜਲਦੀ ਦਸਤਕ ਦੇਣ ਵਾਲਾ ਮਾਨਸੂਨ ਹੋਵੇਗਾ। 2009 ਵਿਚ ਮਾਨਸੂਨ 23 ਮਈ ਨੂੰ ਆਇਆ ਸੀ।
ਮੰਗਲਵਾਰ ਦੁਪਹਿਰ ਨੂੰ ਇਕ ਅਪਡੇਟ ਦਿੰਦੇ ਹੋਏ IMD ਨੇ ਕਿਹਾ ਕਿ ਅਗਲੇ ਚਾਰ ਤੋਂ ਪੰਜ ਦਿਨਾਂ ਵਿਚ ਕੇਰਲ 'ਚ ਮਾਨਸੂਨ ਦੀ ਸ਼ੁਰੂਆਤ ਲਈ ਹਾਲਾਤ ਅਨੁਕੂਲ ਹੋਣ ਦੀ ਸੰਭਾਵਨਾ ਹੈ। ਆਮ ਤੌਰ 'ਤੇ ਦੱਖਣ-ਪੱਛਮੀ ਮਾਨਸੂਨ 1 ਜੂਨ ਤੱਕ ਕੇਰਲ ਪਹੁੰਚਦਾ ਹੈ ਅਤੇ 8 ਜੁਲਾਈ ਤੱਕ ਪੂਰੇ ਦੇਸ਼ 'ਚ ਛਾ ਜਾਂਦਾ ਹੈ। ਇਹ 17 ਸਤੰਬਰ ਦੇ ਆਲੇ-ਦੁਆਲੇ ਉੱਤਰ-ਪੱਛਮੀ ਭਾਰਤ ਤੋਂ ਪਰਤਣਾ ਸ਼ੁਰੂ ਹੋ ਜਾਂਦਾ ਹੈ ਅਤੇ 15 ਅਕਤੂਬਰ ਤੱਕ ਪੂਰੀ ਤਰ੍ਹਾਂ ਵਾਪਸ ਚਲਾ ਜਾਂਦਾ ਹੈ। ਪਿਛਲੇ ਸਾਲ ਮਾਨਸੂਨ 30 ਮਈ ਨੂੰ ਕੇਰਲ ਪਹੁੰਚਿਆ ਸੀ, 2023 ਵਿਚ ਇਹ 8 ਜੂਨ ਨੂੰ, 2022 ਵਿਚ 29 ਮਈ ਨੂੰ, 2021 ਵਿਚ 3 ਜੂਨ ਨੂੰ, 2020 ਵਿਚ 1 ਜੂਨ ਨੂੰ, 2019 ਵਿਚ 8 ਜੂਨ ਨੂੰ ਅਤੇ 2018 ਵਿਚ 29 ਮਈ ਨੂੰ ਕੇਰਲ ਪਹੁੰਚਿਆ ਸੀ।
IMD ਨੇ ਅਪ੍ਰੈਲ ਵਿਚ 2025 ਦੇ ਮਾਨਸੂਨ ਸੀਜ਼ਨ ਲਈ ਆਮ ਤੋਂ ਵੱਧ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਸੀ, ਜਿਸ ਵਿਚ 'ਐਲ ਨੀਨੋ' ਸਥਿਤੀਆਂ ਦੀ ਸੰਭਾਵਨਾ ਨੂੰ ਰੱਦ ਕੀਤਾ ਗਿਆ ਸੀ, ਜੋ ਕਿ ਭਾਰਤੀ ਉਪ ਮਹਾਂਦੀਪ ਵਿਚ ਆਮ ਤੋਂ ਘੱਟ ਮੀਂਹ ਨਾਲ ਜੁੜੀਆਂ ਹੋਈਆਂ ਹਨ। IMD ਦੇ ਅਨੁਸਾਰ 50 ਸਾਲਾਂ ਦੀ ਔਸਤ ਦੇ 96 ਫੀਸਦੀ ਤੋਂ 104 ਫ਼ੀਸਦੀ ਦੇ ਵਿਚਕਾਰ 87 ਸੈਂਟੀਮੀਟਰ ਦੇ ਮੀਂਹ ਨੂੰ 'ਆਮ' ਮੰਨਿਆ ਜਾਂਦਾ ਹੈ।