ਥੱਪੜ ਦੇ ਬਦਲੇ ਨੌਜਵਾਨ ਨੂੰ 25 ਵਾਰ ਚਾਕੂ ਨਾਲ ਵਿੰਨ੍ਹਿਆ, ਮੌਤ
Tuesday, May 20, 2025 - 05:14 AM (IST)

ਨਵੀਂ ਦਿੱਲੀ – ਭੈਣ ਨਾਲ ਬਦਸਲੂਕੀ ਕਰਨ ’ਤੇ ਥੱਪੜ ਮਾਰਨ ਤੋਂ ਨਾਰਾਜ਼ ਬਦਮਾਸ਼ ਨੇ ਨਾਬਾਲਗ ਸਾਥੀਆਂ ਦੇ ਨਾਲ ਐਤਵਾਰ ਦੇਰ ਰਾਤ ਨੂੰ ਖਿਆਲਾ ਇਲਾਕੇ ’ਚ ਘਰ ਵਿਚ ਦਾਖਲ ਹੋ ਕੇ ਇਕ ਨੌਜਵਾਨ ਨੂੰ ਚਾਕੂ ਨਾਲ 25 ਵਾਰ ਵਿੰਨ੍ਹ ਦਿੱਤਾ। ਘਟਨਾ ਵੇਲੇ ਨੌਜਵਾਨ ਨਹਾ ਰਿਹਾ ਸੀ। ਨੰਗੇ ਸਰੀਰ ’ਤੇ ਹੀ ਚਾਕੂ ਨਾਲ ਵਾਰ ਕੀਤੇ ਗਏ। ਜਾਨ ਬਚਾਉਣ ਲਈ ਉਹ ਗਲੀ ਵਿਚ ਭੱਜਿਆ ਤਾਂ ਹਮਲਾਵਰਾਂ ਨੇ ਦੌੜਾ-ਦੌੜਾ ਕੇ ਉਸ ਨੂੰ ਚਾਕੂ ਮਾਰੇ।
ਨੌਜਵਾਨ ਦੀ ਭੈਣ ਭਰਾ ਨੂੰ ਬਚਾਉਣ ਲਈ ਹਮਲਾਵਰਾਂ ਦਾ ਮੁਕਾਬਲਾ ਕਰਦੀ ਰਹੀ। ਮੁਲਜ਼ਮਾਂ ਨੇ ਉਸ ਨੂੰ ਵੀ ਸਿਰ ਵਿਚ ਚਾਕੂ ਮਾਰ ਕੇ ਜ਼ਖਮੀ ਕਰ ਦਿੱਤਾ। ਨੌਜਵਾਨ ਦੀ ਹਸਪਤਾਲ ਵਿਚ ਮੌਤ ਹੋ ਗਈ। ਉਸ ਦੀ ਪਛਾਣ ਕੰਵਲਜੀਤ ਸਿੰਘ (29) ਵਜੋਂ ਹੋਈ ਹੈ। ਪੁਲਸ ਨੇ ਇਸ ਮਾਮਲੇ ’ਚ ਇਕ ਨਾਬਾਲਗ ਨੂੰ ਫੜਿਆ ਹੈ ਅਤੇ ਬਾਕੀ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।