ਗੈਰ-ਭਾਜਪਾ ਮੁੱਖ ਮੰਤਰੀਆਂ ਅਤੇ ਪਾਰਟੀ ਪ੍ਰਧਾਨਾਂ ਨਾਲ ਮੁਲਾਕਾਤ ਕਰਨਗੇ ਮੋਹਨ ਭਾਗਵਤ

Thursday, Aug 05, 2021 - 01:46 PM (IST)

ਗੈਰ-ਭਾਜਪਾ ਮੁੱਖ ਮੰਤਰੀਆਂ ਅਤੇ ਪਾਰਟੀ ਪ੍ਰਧਾਨਾਂ ਨਾਲ ਮੁਲਾਕਾਤ ਕਰਨਗੇ ਮੋਹਨ ਭਾਗਵਤ

ਨੈਸ਼ਨਲ ਡੈਸਕ - ਦੇਸ਼ ਵਿਚ ਭਾਜਪਾ ਅਤੇ ਮੋਦੀ ਵਿਰੋਧੀ ਸਿਆਸੀ ਪਾਰਟੀਆਂ ਨੇ ਜਿਥੇ ਇਕ ਮੰਚ ’ਤੇ ਇਕਮੁੱਠ ਹੋਣ ਦੀ ਕਵਾਇਦ ਸ਼ੁਰੂ ਕੀਤੀ ਹੈ ਉਥੇ ਹੁਣ ਦੂਸਰੇ ਪਾਸੇ ਰਾਸ਼ਟਰੀ ਸਵੈਸੇਵਕ ਸੰਘ (ਆਰ. ਐੱਸ. ਐੱਸ.) ਨੇ ਵੀ ਗੈਰ ਭਾਜਪਾ ਸ਼ਾਸ਼ਤ ਸੂਬਿਆਂ ਦੇ ਮੁੱਖ ਮੰਤਰੀਆਂ ਅਤੇ ਪਾਰਟੀ ਪ੍ਰਧਾਨਾਂ ਨਾਲ ਮੁਲਾਕਾਤ ਕਰਨ ਦੀ ਯੋਜਨਾ ਤਿਆਰ ਕੀਤੀ ਹੈ। ਸੰਘ ਵਿਰੋਧੀ ਧਿਰ ਅਤੇ ਗੈਰ-ਭਾਜਪਾ ਸ਼ਾਸਤ ਸੂਬਿਆਂ ਦੇ ਨੇਤਾਵਾਂ ਨੂੰ ਇਹ ਭਰੋਸਾ ਦਿਵਾਉਣਾ ਚਾਹੁੰਦੇ ਹਨ ਕਿ ਉਹ ਕਿਸੇ ਵੀ ਵਿਰੋਧੀ ਵਿਚਾਰਧਾਰਾ ਰੱਖਣ ਵਾਲਿਆਂ ਖਿਲਾਫ ਨਹੀਂ ਹਨ। ਸੰਘ ਦੇ ਸੂਤਰਾਂ ਦਾ ਕਹਿਣਾ ਹੈ ਕਿ ਵਿਰੋਧੀ ਧਿਰ ਦੇ ਨੇਤਾਵਾਂ ਅਤੇ ਮੁੱਖ ਮੰਤਰੀਆਂ ਨਾਲ ਸਰਸੰਘਚਾਲਕ ਡਾ. ਮੋਹਨ ਭਾਗਵਤ ਖੁਦ ਮੁਲਾਕਾਤ ਕਰਨਗੇ ਅਤੇ ਉਨ੍ਹਾਂ ਨੂੰ ਸੰਘ ਨਾਲ ਸਬੰਧਤ ਕਿਤਾਬਾਂ ਵੀ ਭੇਟ ਕਰਨਗੇ। ਇਸ ਯੋਜਨਾ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ ਅਤੇ ਸੰਭਾਵਨਾ ਹੈ ਕਿ ਸੰਘ ਦੇ ਗੁਰੂ ਦਕਸ਼ਿਣਾ ਪ੍ਰੋਗਰਾਮ ਖਤਮ ਹੋਣ ਭਾਵ ਰੱਖੜੀ ਤੋਂ ਬਾਅਦ ਇਸਦੀ ਸ਼ੁਰੂਆਤ ਹੋ ਸਕਦੀ ਹੈ।

ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਅਤੇ ਰਾਸ਼ਟਰੀ ਸਵੈਸੇਵਕ ਸੰਘ-

ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਜਦੋਂ 7 ਜੂਨ, 2018 ਨੂੰ ਨਾਗਪੁਰ ਵਿਚ ਸੰਘ ਦੇ ਸਮਾਰੋਹ ਵਿਚ ਸ਼ਾਮਲ ਹੋਏ ਸਨ, ਓਦੋਂ ਬਹੁਤ ਸਾਰੇ ਲੋਕਾਂ ਨੇ ਸਵਾਲ ਖੜ੍ਹੇ ਕੀਤੇ ਸਨ ਪਰ ਪ੍ਰੋਗਰਾਮ ਦੇ ਸ਼ੁਰੂ ਵਿਚ ਭਗਵਾ ਝੰਡਾ ਲਹਿਰਾਇਆ ਗਿਆ ਤਾਂ ਸੰਘ ਦੇ ਹਜ਼ਾਰਾਂ ਸਵੈਸੇਵਕ ਅਤੇ ਅਹੁਦੇਦਾਰ ਚਿੱਟੀ ਕਮੀਜ਼, ਖਾਕੀ ਪੈਂਟ ਅਤੇ ਚੌੜੀ ਬੈਲਟ ਲਗਾਏ ਹੋਏ ਬੇਹੱਦ ਸਨਮਾਨ ਨਾਲ ਖੜ੍ਹੇ ਹੋਏ ਅਤੇ ਝੰਡੇ ਨੂੰ ਪ੍ਰਣਾਮ ਕੀਤਾ। ਗਣਵੇਸ਼ਧਾਰੀ ਸਵੈਸੇਵਕਾਂ ਦੀ ਭੀੜ ਵਿਚ ਧੋਤੀ ਅਤੇ ਲੰਬਾ ਕੋਟ ਪਹਿਣੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਤੋਂ ਬਾਅਦ ਇਸਦੇ ਅਗਲੇ ਸਾਲ ਉਦਯੋਗਪਤੀ ਸ਼ਿਵ ਨਾਡਰ ਨੂੰ ਵੀ ਬੁਲਾਇਆ ਗਿਆ। ਕੁਝ ਸਾਲ ਪਹਿਲਾਂ ਇਸੇ ਪ੍ਰੋਗਰਾਮ ਵਿਚ ਸਮਾਜਿਕ ਵਰਕਰ ਅਤੇ ਮੈਗਸੇਸੇ ਪੁਰਸਕਾਰ ਜੇਤੂ ਅਭੈ ਬਾਂਗ ਨੂੰ ਵੀ ਬੁਲਾਇਆ ਗਿਆ ਸੀ। ਸਮਾਰੋਹ ਵਿਚ ਨਾ ਜਾਣ ਦਾ ਦਬਾਅ ਬਣਾਉਣ ਲਈ ਇਨ੍ਹਾਂ ਲੋਕਾਂ ਨੇ ਆਪਣਾ ਮਰਾਠੀ ਹਫਤਾਵਾਰੀ ਰਸਾਲੇ ‘ਸਾਧਨਾ’ ਵਿਚ ਦੱਬ ਕੇ ਲੇਖ ਛਾਪੇ। ਇਨ੍ਹਾਂ ਕੋਸ਼ਿਸ਼ਾਂ ਦਾ ਜਵਾਬ ਬਾਂਗ ਨੇ ਇਹ ਕਹਿ ਕੇ ਦਿੱਤਾ ਕਿ ਉਹ ਤਾਂ ਇਸ ਸਮਾਰੋਹ ਵਿਚ ਸਿਰਫ ਆਪਣੇ ਵਿਚਾਰ ਰੱਖਣ ਜਾ ਰਹੇ ਹਨ, ਤਾਂ ਇਸਦਾ ਇੰਨਾ ਵਿਰੋਧ ਕਿਉਂ?

ਕਈ ਵਾਰ ਹੁੰਦੀ ਰਹੀ ਹੈ ਸੰਘ ਵਿਰੋਧੀ ਨੇਤਾਵਾਂ ਨਾਲ ਗੱਲਬਾਤ-

ਸੰਘ ਵਿਚਾਰਕ ਦਿਲੀਪ ਦੇਵਧਰ ਕਹਿੰਦੇ ਹਨ ਕਿ ਸੰਘ ਪ੍ਰਮੁੱਖ ਅੇਤ ਸੰਘ ਹਾਈਕਮਾਨ ਦੀ ਵਿਰੋਧੀ ਵਿਚਾਰਧਾਰਾ ਦੇ ਨੇਤਾਵਾਂ ਨਾਲ ਮੀਟਿੰਗ ਪਹਿਲਾਂ ਹੀ ਹੁੰਦੀ ਰਹਿੰਦੀ ਸੀ। ਸੰਘ ਦੇ ਦੂਸਰੇ ਸਰਸੰਘਚਾਲਕ ਗੋਲਵਲਕਰ ਅਤੇ ਬਾਲਾਸਾਹਿਬ ਦੇਵਰਸ ਜ਼ਿਆਦਾਤਰ ਵਿਰੋਧੀ ਨੇਤਾਵਾਂ ਨਾਲ ਮੁਲਾਕਾਤ ਕਰਦੇ ਰਹਿੰਦੇ ਸਨ। ਇਸ ਤੋਂ ਇਲਾਵਾ ਸੰਘ ਦੇ ਹੈੱਡਕੁਆਰਟਰ ਨਾਗਪੁਰ ਵਿਚ ਵੀ ਅਜਿਹੇ ਨੇਤਾਵਾਂ ਨੂੰ ਤੀਸਰੇ ਸਾਲ ਦੇ ਟਰੇਨਿੰਗ ਕੈਂਪ ਦੇ ਸਮਾਰੋਹਾਂ ਵਿਚ ਬੁਲਾਇਆ ਜਾਂਦਾ ਰਿਹਾ ਹੈ। ਫਿਰ ਡਾ. ਭਾਗਵਤ ਉਂਝ ਵੀ ਵਿਰੋਧੀਆਂ ਨਾਲ ਮੁਲਾਕਾਤ ਕਰਨ ਵਿਚ ਵਿਸ਼ੇਸ਼ ਰੂਚੀ ਰੱਖਦੇ ਹਨ।

ਪੀ. ਐੱਮ. ਮੋਦੀ ਖਿਲਾਫ ਮਾਹੌਲ ਬਣਾ ਰਹੇ ਹਨ ਗੈਰ-ਭਾਜਪਾ ਨੇਤਾ, ਸੰਘ ਕਰੇਗਾ ਡੈਮੇਜ ਕੰਟਰੋਲ-

ਸੂਤਰਾਂ ਦੀ ਗੱਲ ਮੰਨੀਏ ਤਾਂ ਸੰਘ ਹਾਈਕਮਾਨ ਦਾ ਮੰਨਣਾ ਹੈ ਕਿ ਦੇਸ਼ ਵਿਚ ਜ਼ਿਆਦਾਤਰ ਗੈਰ-ਭਾਜਪਾ ਸਿਆਸੀ ਪਾਰਟੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਮਾਹੌਲ ਬਣਾ ਰਹੀਆਂ ਹਨ, ਅਜਿਹੇ ਵਿਚ ਜ਼ਰੂਰੀ ਹੈ ਕਿ ਸੰਘ ਡੈਮੇਜ ਕੰਟਰੋਲ ਦੀ ਪਹਿਲ ਕਰੇ। ਸੰਘ ਦੱਸਣਾ ਚਾਹੁੰਦਾ ਹੈ ਕਿ ਉਹ ਕਿਸੇ ਸਿਆਸੀ ਵਿਚਾਰਧਾਰਾ ਦਾ ਦੁਸ਼ਮਣ ਨਹੀਂ ਹੈ। ਸੰਘ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਇਸ ਯੋਜਨਾ ਨਾਲ ਮੋਦੀ ਦੇ ਅਕਸ ਨੂੰ ਖਰਾਬ ਕਰਨ ਵਾਲਿਆਂ ਦੀ ਮੁਹਿੰਮ ਨੂੰ ਕਮਜ਼ੋਰ ਕੀਤਾ ਜਾ ਸਕੇਗਾ। ਸੰਘ ਦਾ ਮੰਨਣਾ ਹੈ ਕਿ ਦੇਸ਼ ਦੀ ਨਵੀਂ ਪੀੜ੍ਹੀ ਤੇ ਮੁੱਖ ਮੰਤਰੀਆਂ ਨੂੰ ਸੰਘ ਬਾਰੇ ਜਾਣਕਾਰੀ ਘੱਟ ਹੈ ਇਸ ਲਈ ਉਹ ਸੰਘ ਦੇ ਖਿਲਾਫ ਹੋ ਰਹੇ ਪ੍ਰਚਾਰ ਦੇ ਅਸਰ ਵਿਚ ਜਲਦੀ ਆ ਜਾਂਦੇ ਹਨ। ਇਸ ਲਈ ਸੰਘ ਸਭ ਤੋਂ ਮਿਲਣ ਦੀ ਪਹਿਲ ਕਰੇਗਾ। ਇਸ ਸਮੇਂ 11 ਸੂਬਿਆਂ ਦੇ ਮੁੱਖ ਮੰਤਰੀਆਂ ਤੋਂ ਪਹਿਲਾਂ ਮੁਲਾਕਾਤ ਹੋਵੇਗੀ। ਇਨ੍ਹਾਂ ਵਿਚ ਤੇਲੰਗਾਨਾ ਵਿਚ ਚੰਦਰਸ਼ੇਖਰ ਰਾਵ, ਆਂਧਰਾ ਪ੍ਰਦੇਸ਼ ਵਿਚ ਜਗਨ ਰੈੱਡੀ, ਓਡਿਸ਼ਾ ਵਿਚ ਬੀਜੂ ਪਟਨਾਇਕ, ਤਮਿਲਨਾਡੁ ਵਿਚ ਸਟਾਲਿਨ, ਕੇਰਲ ਵਿਚ ਪਿਨਰਾਈ ਵਿਜਯਨ, ਪੱਛਮੀ ਬੰਗਾਲ ਵਿਚ ਮਮਤਾ ਬੈਨਰਜੀ, ਬਿਹਾਰ ਵਿਚ ਨਿਤੀਸ਼ ਕੁਮਾਰ ਆਦਿ ਨੇਤਾ ਸ਼ਾਮਲ ਹੋ ਸਕਦੇ ਹਨ।


author

Tanu

Content Editor

Related News