ਕੀ ਮੁੜ ਰਾਜਨੀਤੀ ’ਚ ਸਰਗਰਮ ਹੋਣਗੇ ਮਿਥੁਨ ਚਕਰਵਰਤੀ, ਭਾਗਵਤ ਨਾਲ ਮੁਲਾਕਾਤ ਮਗਰੋਂ ਲਗਾਏ ਜਾ ਰਹੇ ਕਿਆਸ
Wednesday, Feb 17, 2021 - 10:40 AM (IST)
ਮੁੰਬਈ– ਰਾਸ਼ਟਰੀ ਸਵੈਮ ਸੇਵਕ ਸੰਘ ਦੇ ਪ੍ਰਮੁੱਖ ਮੋਹਨ ਭਾਗਵਤ ਨੇ ਮੰਗਲਵਾਰ ਨੂੰ ਮਸ਼ਹੂਰ ਅਭਿਨੇਤਾ ਮਿਥੁਨ ਚਕਰਵਰਤੀ ਨਾਲ ਇਥੇ ਮਲਾਡ ਪੱਛਮ ’ਚ ਉਨ੍ਹਾਂ ਦੀ ਰਿਹਾਇਸ਼ ’ਤੇ ਮੁਲਾਕਾਤ ਕੀਤੀ। 2 ਘੰਟਿਆਂ ਦੀ ਇਸ ਮੁਲਾਕਾਤ ਦੌਰਾਨ ਅਭਿਨੇਤਾ ਦਾ ਪੂਰਾ ਪਰਿਵਾਰ ਮੌਜੂਦ ਰਿਹਾ।
ਉਂਝ ਅਜੇ ਤੱਕ ਇਹ ਪਤਾ ਨਹੀਂ ਲੱਗਾ ਹੈ ਕਿ ਮੰਗਲਵਾਰ ਸਵੇਰੇ ਚਾਹ ’ਤੇ ਹੋਈ ਇਸ ਚਰਚਾ ’ਚ ਕੀ ਗੱਲਬਾਤ ਹੋਈ ਪਰ ਪੱਛਮੀ ਬੰਗਾਲ ’ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੋਈ ਇਸ ਮੁਲਾਕਾਤ ਨੇ ਇਨ੍ਹਾਂ ਅਟਕਲਾਂ ਨੂੰ ਹਵਾ ਦੇ ਦਿੱਤੀ ਹੈ ਕਿ ਮਿਥੁਨ ਚਕਰਵਰਤੀ ਭਾਜਪਾ ’ਚ ਸ਼ਾਮਲ ਹੋ ਕੇ 5 ਸਾਲਾਂ ਦੇ ਵਕਫੇ ਮਗਰੋਂ ਫਿਰ ਸਰਗਰਮ ਸਿਆਸਤ ’ਚ ਆ ਸਕਦੇ ਹਨ।
ਤ੍ਰਿਣਮੂਲ ਕਾਂਗਰਸ ਵੱਲੋਂ ਰਾਜ ਸਭਾ ਮੈਂਬਰ ਰਹੇ ਮਿਥੁਨ ਨੇ ਖਰਾਬ ਸਿਹਤ ਦਾ ਹਵਾਲਾ ਦੇ ਕੇ 2016 ’ਚ ਮੈਂਬਰਸ਼ਿਪ ਛੱਡ ਦਿੱਤੀ ਸੀ। ਉਨ੍ਹਾਂ ਹਾਲ ਹੀ ’ਚ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ’ਚ ਵੀ ਭਾਗਵਤ ਨਾਲ ਮੁਲਾਕਾਤ ਕੀਤੀ ਸੀ। ਇਸ ਤੋਂ ਪਹਿਲਾਂ ਇਹ ਦੋਵੇਂ ਸੰਘ ਦੇ ਹੈੱਡਕੁਆਰਟਰ ਨਾਗਪੁਰ ’ਚ ਵੀ ਮੁਲਾਕਾਤ ਕਰ ਚੁੱਕੇ ਹਨ। ਇਸ ਮੁਲਾਕਾਤ ਨੂੰ ਲੈ ਕੇ ਚਕਰਵਰਤੀ ਨੇ ਕਿਹਾ ਕਿ ਕਿਆਸ ਨਾ ਲਗਾਓ, ਮੇਰਾ ਅਤੇ ਭਾਗਵਤ ਦਾ ਅਧਿਆਤਮਿਕ ਸੰਪਰਕ ਹੈ। ਅਸੀਂ ਦੋਵੇਂ ਲਖਨਊ ’ਚ ਮਿਲੇ ਸੀ ਅਤੇ ਮੈਂ ਮੁੰਬਈ ਆਉਣ ’ਤੇ ਮੁਲਾਕਾਤ ਕਰਨ ਦੀ ਉਨ੍ਹਾਂ ਨੂੰ ਅਪੀਲ ਕੀਤੀ ਸੀ।
ਸਿਆਸੀ ਸੰਨਿਆਸ ਖਤਮ ਕਰਨ ਦੇ ਸਵਾਲ ’ਤੇ ਮਿਥੁਨ ਨੇ ਕਿਹਾ ਕਿ ਮੁਲਾਕਾਤ ਨੂੰ ਤੁਸੀਂ ਸਿਆਸਤ ’ਚ ਮੇਰੀ ਵਾਪਸੀ ਨਾਲ ਇਸ ਲਈ ਜੋੜ ਰਹੇ ਹੋ ਕਿਉਂਕਿ ਪੱਛਮੀ ਬੰਗਾਲ ’ਚ ਚੋਣਾਂ ਹੋਣ ਵਾਲੀਆਂ ਹਨ। ਜੇ ਉਥੇ ਚੋਣਾਂ ਦਾ ਸਮਾਂ ਨਾ ਹੁੰਦਾ ਤਾਂ ਤੁਸੀਂ ਅਜਿਹਾ ਨਹੀਂ ਕਰਦੇ। ਉੱਧਰ ਮੁੰਬਈ ’ਚ ਸੰਘ ਦੇ ਅਹੁਦੇਦਾਰਾਂ ਨੇ ਕਿਹਾ ਕਿ ਇਹ ਬੈਠਕ ਪੂਰੀ ਤਰ੍ਹਾਂ ਨਿੱਜੀ ਸੀ ਅਤੇ ਇਸ ਨਾਲ ਹੋਰ ਕੁਝ ਨਹੀਂ ਜੋੜਣਾ ਚਾਹੀਦਾ।
ਇਹ ਵੀ ਪੜ੍ਹੋ: ‘ਬਿਗ ਬੌਸ’ ਫੇਮ ਸੋਨਾਲੀ ਫੋਗਾਟ ਦੇ ਘਰ ਚੋਰੀ, ਨਕਦੀ ਸਮੇਤ ਲਾਇਸੈਂਸੀ ਰਿਵਾਲਵਰ ਵੀ ਲੈ ਗਏ ਚੋਰ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।