ਮੋਦੀ, ਸ਼ੀ ਨੇ ਰਸਮੀ ਬੈਠਕ 'ਚ ਵਿਚਾਰੇ ਦੁਵੱਲੇ ਸਬੰਧਾਂ ਦੇ ਕਈ ਮੁੱਦੇ
Friday, Apr 27, 2018 - 11:36 PM (IST)
ਵੁਹਾਨ—ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਚਿਨਫਿੰਗ ਨੇ ਭਾਰਤ-ਚੀਨ ਸੰਬੰਧਾਂ ਨੂੰ ਮਜ਼ਬੂਤ ਕਰਨ ਲਈ ਇੱਥੇ ਦੋ ਦਿਨਾ ਰਸਮੀ ਸ਼ਿਖਰ ਬੈਠਕ ਦੇ ਤਹਿਤ ਕਈ ਬੈਠਕਾਂ ਕੀਤੀਆਂ। ਉਨ੍ਹਾਂ ਨੇ ਦੋਵਾਂ ਦੇਸ਼ਾਂ ਦੇ ਲੋਕਾਂ ਅਤੇ ਦੁਨੀਆ ਦੀ ਭਲਾਈ ਲਈ ਨਾਲ ਮਿਲ ਕੇ ਕੰਮ ਕਰਨ ਦੇ ਤਰੀਕਿਆਂ 'ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ। ਵੁਹਾਨ ਬੈਠਕ ਨੂੰ ਪਿਛਲੇ ਸਾਲ 73 ਦਿਨਾਂ ਤਕ ਚੱਲੇ ਡੋਕਲਾਮ ਵਿਵਾਦ ਦੇ ਬਾਅਦ ਭਾਰਤ ਅਤੇ ਚੀਨ ਦੇ ਆਪਣੇ ਸੰਬੰਧਾਂ ਨੂੰ ਸੁਧਾਰਨ ਅਤੇ ਵਿਸ਼ਵਾਸ ਬਹਾਲ ਦੀ ਕੋਸ਼ਿਸ਼ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੜਕੇ ਚੀਨ ਦੇ ਇਸ ਸ਼ਹਿਰ 'ਚ ਪਹੁੰਚੇ। ਰਾਸ਼ਟਰਪਤੀ ਸ਼ੀ ਨੇ ਇੱਥੇ ਹੁਬੇਈ ਸੂਬੇ ਮਿਊਜ਼ੀਅਮ 'ਚ ਉਨ੍ਹਾਂ ਲਈ ਸ਼ਾਨਦਾਰ ਸੁਆਗਤ ਸਮਾਰੋਹ ਦੀ ਮੇਜ਼ਬਾਨੀ ਕੀਤੀ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਦੱਸਿਆ ਕਿ ਦੋਵਾਂ ਨੇਤਾਵਾਂ ਨੇ ਇਕ ਦੂਜੇ ਨਾਲ ਬੈਠਕ ਕੀਤੀ, ਜਿਸ 'ਚ ਉਨ੍ਹਾਂ ਨੇ ਦੋ-ਪੱਖੀ ਸੰਬੰਧਾਂ ਨੂੰ ਮਜ਼ਬੂਤ ਕਰਨ ਲਈ ਵਿਚਾਰਾਂ ਦਾ ਆਦਾਨ ਪ੍ਰਦਾਨ ਕੀਤਾ। ਮੋਦੀ ਨੇ ਸ਼ੀ ਨਾਲ ਹੱਥ ਮਿਲਾਇਆ, ਤਸਵੀਰ ਖਿਚਵਾਉਣ ਲਈ ਪੋਜ ਦਿੱਤਾ ਅਤੇ ਇਕ ਦੂਜੇ ਨਾਲ ਗੱਲਬਾਤ ਤੋਂ ਪਹਿਲਾਂ ਮਿਊਜ਼ੀਅਮ 'ਚ ਇਕ ਸੰਸਕ੍ਰਿਤਿਕ ਪ੍ਰੋਗਰਾਮ ਵੀ ਦੇਖਿਆ। ਬਾਅਦ 'ਚ ਉਨ੍ਹਾਂ ਨੇ ਵਫਦ ਪੱਧਰੀ ਗੱਲਬਾਤ ਕੀਤੀ। ਜਿਸ 'ਚ ਦੋਵਾਂ ਪਾਸੇ 6-6 ਅਧਿਕਾਰੀ ਵੀ ਮੌਜੂਦ ਸਨ।
ਸ਼ੀ ਨੇ ਪ੍ਰਸਿੱਧ ਇਸਟ ਲੇਕ ਕੋਲ ਸਰਕਾਰੀ ਗੈਸਟ ਹਾਉਸ 'ਚ ਮੋਦੀ ਲਈ ਖਾਣੇ ਦੀ ਵੀ ਮੇਜ਼ਬਾਨੀ ਕੀਤੀ। ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਨੇ ਅਗਲੇ ਸਾਲ ਭਾਰਤ 'ਚ ਅਗਲੀ ਰਸਮੀ ਮੇਜ਼ਬਾਨੀ ਕਰਨ ਦੀ ਸ਼ੀ ਤੋਂ ਪੇਸ਼ਕਸ਼ ਕੀਤੀ। ਉਨ੍ਹਾਂ ਨੇ ਕਿਹਾ ਕਿ ਮੈਨੂੰ ਖੁਸ਼ੀ ਹੋਵੇਗੀ, ਜੇਕਰ 2019 'ਚ ਅਸੀਂ ਭਾਰਤ 'ਚ ਇਸ ਤਰ੍ਹਾਂ ਦੀ ਇਕ ਰਸਮੀ ਬੈਠਕ ਕਰੀਏ। ਮੋਦੀ ਨੇ ਪ੍ਰਸ਼ੰਸਾ ਕਰਦੇ ਹੋਏ ਸ਼ੀ ਨੂੰ ਕਿਹਾ ਕਿ ਦੋਵਾਂ ਦੇਸ਼ਾਂ ਕੋਲ ਆਪਣੇ ਲੋਕਾਂ ਅਤੇ ਵਿਸ਼ਵ ਦੀ ਭਲਾਈ ਲਈ ਇਕੱਠੇ ਮਿਲ ਕੇ ਕੰਮ ਕਰਨ ਦਾ ਇਕ ਵੱਡਾ ਮੌਕਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਦੋਵਾਂ ਦੇਸ਼ਾਂ ਨੇ 1600 ਸਾਲਾਂ ਤਕ ਨਾਲ ਮਿਲ ਕੇ ਵਿਸ਼ਵ ਅਰਥਵਿਵਸਥਾ ਦਾ ਲਗਭਗ 50 ਫੀਸਦੀ ਹਿੱਸਾ ਬਣਾਇਆ ਅਤੇ ਬਾਕੀ ਬਚੇ ਵਿਸ਼ਵ ਨੇ ਬਾਕੀ ਦਾ 50 ਫੀਸਦੀ ਸਾਂਝਾ ਕੀਤਾ। ਭਾਰਤ ਦੇ ਲੋਕ ਮਾਣ ਮਹਿਸੂਸ ਕਰ ਰਹੇ ਹਨ ਕਿ ਰਾਸ਼ਟਰਪਤੀ ਸ਼ੀ ਨੇ ਰਾਜਧਾਨੀ 'ਚੋਂ ਬਾਹਰ ਆ ਕੇ ਉਨ੍ਹਾਂ ਦੀ ਅਗਵਾਈ ਕੀਤੀ। ਚੀਨੀ ਰਾਸ਼ਟਰਪਤੀ ਨੇ ਕਿਹਾ ਕਿ ਚੀਨ ਅਤੇ ਭਾਰਤ ਨੂੰ ਰਾਸ਼ਟਰੀ ਵਿਕਾਸ, ਆਪਸੀ ਲਾਭ ਦੇ ਸਹਿਯੋਗ ਨੂੰ ਮਜ਼ਬੂਤ ਬਣਾਉਣਾ, ਸਥਿਰਤਾ, ਵਿਕਾਸ, ਲਈ ਸਾਥ ਮਿਲ ਕੇ ਕੰਮ ਕਰਨ ਅਤੇ ਗਲੋਬਲ ਸ਼ਾਂਤੀ 'ਤੇ ਧਿਆਨ ਕੇਂਦਰਤ ਕਰਨ ਦੀ ਜ਼ਰੂਰਤ ਹੈ।