BJP ਦੀ ਬੰਪਰ ਜਿੱਤ ਦਾ ਉਤਸ਼ਾਹ, ਸੂਰਤ 'ਚ ਮਿਲ ਰਹੀ ਹੈ 'ਮੋਦੀ ਸੀਤਾਫਲ ਕੁਲਫੀ'
Tuesday, May 28, 2019 - 12:55 PM (IST)

ਗੁਜਰਾਤ— ਲੋਕ ਸਭਾ ਚੋਣਾਂ 2019 'ਚ ਭਾਜਪਾ ਦੀ ਬੰਪਰ ਜਿੱਤ ਦਾ ਸਿਹਰਾ ਨਰਿੰਦਰ ਮੋਦੀ ਨੂੰ ਦਿੱਤਾ ਜਾ ਰਿਹਾ ਹੈ। ਇਹ ਵਾਜਬ ਵੀ ਹੈ, ਕਿਉਂਕਿ ਉਨ੍ਹਾਂ ਦੀ ਅਗਵਾਈ 'ਚ ਭਾਜਪਾ ਪਾਰਟੀ ਨੇ ਇਕੱਲੇ ਆਪਣੇ ਦਮ 'ਤੇ ਚੋਣਾਂ 'ਚ 300 ਪਾਰ ਦਾ ਅੰਕੜਾ ਪਾਰ ਕੀਤਾ, ਜਦਕਿ ਐੱਨ. ਡੀ. ਏ. ਨੇ 542 'ਚੋਂ 352 ਸੀਟਾਂ 'ਤੇ ਜਿੱਤ ਹਾਸਲ ਕੀਤੀ ਹੈ। ਪਾਰਟੀ ਵਰਕਰਾਂ ਤੋਂ ਲੈ ਕੇ ਨਰਿੰਦਰ ਮੋਦੀ ਨੂੰ ਚਾਹੁਣ ਵਾਲਿਆਂ ਵਿਚ ਵੀ ਜਿੱਤ ਨੂੰ ਲੈ ਕੇ ਜ਼ਬਰਦਸਤ ਉਤਸ਼ਾਹ ਹੈ। ਇਸ ਲੜੀ ਵਿਚ ਸੂਰਤ ਦੇ ਇਕ ਆਈਸਕ੍ਰਾਮ ਪਾਰਲਰ ਨੇ ਨਰਿੰਦਰ ਮੋਦੀ ਦੇ ਨਾਂ 'ਤੇ ਕੁਲਫੀ ਲਾਂਚ ਕੀਤਾ ਹੈ। ਦਿਲਚਸਪ ਗੱਲ ਹੈ ਕਿ ਸਿਰਫ ਨਾਂ ਹੀ ਨਹੀਂ, ਸਗੋਂ 'ਮੋਦੀ ਸੀਤਾਫਲ ਕੁਲਫੀ' ਦਾ ਆਕਾਰ ਵੀ ਮੋਦੀ ਦੇ ਚਿਹਰੇ ਵਰਗਾ ਹੈ।
ਇਸ ਆਈਸਕ੍ਰੀਮ ਪਾਰਲਰ ਦੇ ਮਾਲਕ ਵਿਵੇਕ ਅਜਮੇਰਾ ਹਨ। ਉਹ ਦੱਸਦੇ ਹਨ ਕਿ ਇਸ ਕੁਲਫੀ ਨੂੰ ਨਰਿੰਦਰ ਮੋਦੀ ਦੇ ਚਿਹਰੇ ਦਾ ਰੂਪ ਕਿਸੇ ਮਸ਼ੀਨ ਨਾਲ ਨਹੀਂ, ਸਗੋਂ ਕਿ ਕਾਰੀਗਰਾਂ ਹੱਥ ਨਾਲ ਦੇ ਰਹੇ ਹਨ। ਕਾਰੀਗਰਾਂ ਨੇ 24 ਘੰਟਿਆਂ ਵਿਚ ਅਜਿਹੀਆਂ 200 ਕੁਲਫੀਆਂ ਤਿਆਰ ਕੀਤੀਆਂ ਹਨ। ਇਹ ਸਪੈਸ਼ਲ ਕੁਲਫੀ 30 ਮਈ ਤਕ ਗਾਹਕਾਂ ਨੂੰ ਵੇਚੀ ਜਾਵੇਗੀ। ਇੱਥੇ ਦੱਸ ਦੇਈਏ ਕਿ 30 ਮਈ ਨੂੰ ਨਰਿੰਦਰ ਮੋਦੀ ਦੂਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਸਹੁੰ ਚੁੱਕਣਗੇ। ਵਿਵੇਕ ਦਾ ਕਹਿਣਾ ਹੈ ਕਿ 'ਮੋਦੀ ਸੀਤਾਫਲ ਕੁਲਫੀ' ਦੀ ਵਿਕਰੀ ਬਹੁਤ ਚੰਗੀ ਹੋ ਰਹੀ ਹੈ। ਇਹ ਕੁਲਫੀ ਅਸੀਂ ਲੋਕਾਂ ਨੂੰ 50 ਫੀਸਦੀ ਛੋਟ 'ਤੇ ਵੀ ਵੇਚ ਰਹੇ ਹਾਂ। ਇਸ ਕੁਲਫੀ ਨੂੰ ਪੂਰੀ ਤਰ੍ਹਾਂ ਨਾਲ ਕੁਦਰਤੀ ਪਦਾਰਥਾਂ ਨਾਲ ਬਣਾਇਆ ਗਿਆ ਹੈ। ਇਸ ਵਿਚ ਕਿਸੇ ਵੀ ਤਰ੍ਹਾਂ ਦਾ ਕੋਈ ਕੈਮੀਕਲ ਜਾਂ ਰਸਾਇਣਕ ਚੀਜ਼ਾਂ ਦੀ ਵਰਤੋਂ ਨਹੀਂ ਕੀਤੀ ਗਈ ਹੈ।