ਮੋਦੀ ਵਰਗੀ ਸ਼ਕਲ ਵਾਲੇ ਨਾਲ ਰਾਜਨਾਥ ਦਾ ਮੁਕਾਬਲਾ

4/17/2019 3:10:50 PM

ਲਖਨਊ-ਇਕ ਸਮੇਂ ਪ੍ਰਧਾਨ ਮੰਤਰੀ ਮੋਦੀ ਦੇ ਪ੍ਰਸ਼ੰਸਕ ਰਹੇ ਅਤੇ ਲਗਭਗ ਉਨ੍ਹਾਂ ਵਰਗੀ ਹੀ ਸ਼ਕਲ ਵਾਲੇ ਅਭਿਨੰਦਨ ਪਾਠਕ ਨੇ ਲਖਨਊ ਤੋਂ ਲੋਕ ਸਭਾ ਚੋਣ ਲੜਨ ਦਾ ਐਲਾਨ ਕੀਤਾ ਹੈ। ਉਹ ਇਥੋਂ ਕੇਂਦਰੀ ਗ੍ਰਹਿ ਮੰਤਰੀ ਅਤੇ ਭਾਜਪਾ ਉਮੀਦਵਾਰ ਰਾਜਨਾਥ ਸਿੰਘ ਖਿਲਾਫ ਬਤੌਰ ਆਜ਼ਾਦ ਉਮੀਦਵਾਰ ਚੋਣ ਲੜਨਗੇ। ਪਹਿਲਾਂ ਅਜਿਹੀ ਚਰਚਾ ਸੀ ਕਿ ਉਹ ਵਿਵਾਦਪੂਰਨ ਸੰਗਠਨ ਯੂ. ਪੀ. ਨਵਨਿਰਮਾਣ ਸੈਨਾ ਦੇ ਬੈਨਰ ਹੇਠ ਵੀ ਚੋਣ ਲੜ ਸਕਦੇ ਹਨ।

PunjabKesari

ਸ਼ੁੱਕਰਵਾਰ ਨੂੰ ਆਜ਼ਾਦ ਉਮੀਦਵਾਰ ਦੇ ਤੌਰ ’ਤੇ ਨਾਮਜ਼ਦ ਕਰਨ ਪਹੁੰਚੇ ਅਭਿਨੰਦਨ ਨੇ ਕਿਹਾ ਕਿ ਲੋਕਸਭਾ ਚੋਣਾਂ ’ਚ ਲਖਨਊ ਸੀਟ ਤੋਂ ਲੜਨ ਜਾ ਰਿਹਾ ਹਾਂ। ਮੈਂ ਜੁਮਲੇਵਾਲਾ ਨਹੀਂ ਹਾਂ, ਮੈਂ ਝੂਠ ਬੋਲਣ ਵਾਲਾ ਨਹੀਂ ਹਾਂ ਅਤੇ ਨਾ ਹੀ ਮੈਂ ਰਾਫੇਲ ਵਾਲਾ ਹਾਂ। ਮੇਰਾ ਕੰਮ ਸੱਚ ਬੋਲਣਾ ਅਤੇ ਸੇਵਾ ਕਰਨਾ ਹੋਵੇਗਾ। ਅਭਿਨੰਦਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮਿਲਦੀ-ਜੁਲਦੀ ਆਪਣੀ ਸ਼ਕਲ ਕਾਰਨ ਪਹਿਲਾਂ ਹੀ ਚਰਚਾ ’ਚ ਰਹੇ ਹਨ। ਪਿਛਲੇ ਸਾਲ ਕਾਂਗਰਸ ਜੁਆਇਨ ਕਰਨ ਦੇ ਇਰਾਦੇ ਨਾਲ ਉਹ ਯੂ. ਪੀ. ਕਾਂਗਰਸ ਦੇ ਦਫਤਰ ਵੀ ਪਹੁੰਚੇ ਸਨ। ਸਹਾਰਨਪੁਰ ਨਿਵਾਸੀ ਅਭਿਨੰਦਨ ਪਾਠਕ ਦਾ ਦੋਸ਼ ਹੈ ਕਿ ਇਕ ਸਮੇਂ ਚੋਣ ਪ੍ਰਚਾਰ ’ਚ ਭਾਜਪਾ ਨੇ ਉਨ੍ਹਾਂ ਦੀ ਰੱਜ ਕੇ ਵਰਤੋਂ ਕੀਤੀ ਸੀ।


Iqbalkaur

Edited By Iqbalkaur