ਖੇਤੀ ਕਾਨੂੰਨਾਂ ਦਾ ਜੋ ਵਿਰੋਧ ਕਰ ਰਹੇ ਹਨ, ਉਹ ਬਾਅਦ ’ਚ ਇਨ੍ਹਾਂ ਦੀ ਸ਼ਲਾਘਾ ਕਰਨਗੇ : ਮੋਦੀ

03/24/2021 11:48:42 AM

ਨਵੀਂ ਦਿੱਲੀ– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਭਾਜਪਾ ਦੇ ਸੰਸਦ ਮੈਂਬਰਾਂ ਨੂੰ ਕਿਹਾ ਕਿ ਮਹਾਮਾਰੀ ਦੌਰਾਨ ਸਰਹੱਦਾਂ ’ਤੇ ਤਣਾਅ, ਚੱਕਰਵਾਤਾਂ ਅਤੇ ਭੂਚਾਲ ਵਰਗੀਆਂ ਮੁਸ਼ਕਿਲਾਂ ਦੇ ਬਾਵਜੂਦ ਭਾਰਤ ਮਜ਼ਬੂਤ ਹੋ ਕੇ ਉਭਰਿਆ ਅਤੇ ਪੂਰੀ ਦੁਨੀਆ ਨੇ ਇਸ ਦੀ ਸਮਰੱਥਾ ਨੂੰ ਮਹਿਸੂਸ ਕੀਤਾ। ਮੋਦੀ ਨੇ ਭਾਜਪਾ ਦੇ ਸੰਸਦ ਮੈਂਬਰ ਪੀ. ਪੀ. ਚੌਧਰੀ ਦੇ ਚੋਣ ਖੇਤਰ ਪਾਲੀ ਵਿਖੇ ਪੰਚਾਇਤੀ ਚੋਣ ਦਾ ਵੀ ਵਰਣਨ ਕੀਤਾ ਅਤੇ ਕਿਹਾ ਕਿ ਨਵੇਂ ਖੇਤੀ ਕਾਨੂੰਨਾਂ ਖਿਲਾਫ ਵਿਖਾਵਿਆਂ ਦਰਮਿਆਨ ਪਾਰਟੀ ਨੇ 90 ਫੀਸਦੀ ਤੋਂ ਵੱਧ ਸੀਟਾਂ ਜਿੱਤੀਆਂ ਕਿਉਂਕਿ ਉਸ ਨੇ ਲੋਕਾਂ ਲਈ ਇਨ੍ਹਾਂ ਕਾਨੂੰਨਾਂ ਦੇ ਲਾਭਾਂ ਨੂੰ ਸਪਸ਼ਟ ਤੌਰ ’ਤੇ ਅੱਗੇ ਰੱਖ ਕੇ ਵੋਟਾਂ ਮੰਗੀਆਂ। ਉਨ੍ਹਾਂ ਸੰਸਦ ਮੈਂਬਰਾਂ ਨੂੰ ਕਿਹਾ ਕਿ ਇਨ੍ਹਾਂ ਕਾਨੂੰਨਾਂ ਨੂੰ ਲਿਆਉਣ ਦੇ ਪਿੱਛੇ ਸਰਕਾਰ ਦਾ ਇਰਾਦਾ ਚੰਗਾ ਸੀ ਅਤੇ ਜਿਹੜੇ ਲੋਕ ਹੁਣ ਇਨ੍ਹਾਂ ਦਾ ਵਿਰੋਧ ਕਰ ਰਹੇ ਹਨ, ਉਹ ਬਾਅਦ ’ਚ ਇਨ੍ਹਾਂ ਕਾਨੂੰਨਾਂ ਦੀ ਸ਼ਲਾਘਾ ਕਰਨਗੇ।

ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਮੋਦੀ ਦੇ ਸੰਬੋਧਨ ਨਾਲ ਸਬੰਧਤ ਇਹ ਜਾਣਕਾਰੀ ਦਿੱਤੀ। ਭਾਜਪਾ ਸੰਸਦੀ ਦਲ ਦੀ ਬੈਠਕ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਉਨ੍ਹਾਂ ਮਹਾਮਾਰੀ ਦੌਰਾਨ ਇਨ੍ਹਾਂ ਸਭ ਚੁਣੌਤੀਆਂ ਦਾ ਮੁਕਾਬਲਾ ਕੀਤਾ ਅਤੇ ਦੇਸ਼ ਨੇ ਵੀ ਇਨ੍ਹਾਂ ਨੂੰ ਹਰਾਇਆ। ਮੇਘਵਾਲ ਨੇ ਦੱਸਿਆ,‘‘ਮਹਾਮਾਰੀ ਨਾਲ ਜੁੜੇ ਆਪਣੇ ਤਜਰਬੇ ਸਾਂਝੇ ਕਰਦਿਆਂ ਮੋਦੀ ਨੇ ਸੰਸਦ ਮੈਂਬਰਾਂ ਨੂੰ ਕਿਹਾ ਕਿ ਇਸ ਸਮੇਂ ਦੌਰਾਨ ਦੇਸ਼ ਨੇ ਨਾ ਸਿਰਫ ਵਾਇਰਸ ਦੀ ਚੁਣੌਤੀ ਦਾ ਸਾਹਮਣਾ ਕੀਤਾ, ਸਗੋਂ ਹੋਰ ਮੋਰਚਿਆਂ ’ਤੇ ਵੀ ਚੁਣੌਤੀਆਂ ਦਾ ਸਾਹਮਣਾ ਕੀਤਾ। ਐੱਲ. ਏ. ਸੀ. ’ਤੇ ਤਣਾਅ ਸੀ, ਚੱਕਰਵਾਤ, ਭੂਚਾਲ ਆਏ ਅਤੇ ਫਿਰ ਟਿੱਡੀ ਦਲ ਨੇ ਹਮਲਾ ਕਰ ਦਿੱਤਾ ਪਰ ਇਨ੍ਹਾਂ ਸਭ ਮੁਸ਼ਕਲਾਂ ਦੇ ਬਾਵਜੂਦ ਦੇਸ਼ ਮਜ਼ਬੂਤ ਹੋ ਕੇ ਉਭਰਿਆ ਅਤੇ ਪੂਰੀ ਦੁਨੀਆ ਨੇ ਇਸ ਦੀ ਸਮਰੱਥਾ ਨੂੰ ਮਹਿਸੂਸ ਕੀਤਾ।’’

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਇਹ ਵੀ ਵਰਣਨ ਕੀਤਾ ਕਿ ਉਹ 2 ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਜਨਤਕ ਅਹੁਦੇ ’ਤੇ ਹਨ, ਪਹਿਲਾਂ ਮੁੱਖ ਮੰਤਰੀ ਦੇ ਰੂਪ ਵਿਚ ਅਤੇ ਹੁਣ ਪ੍ਰਧਾਨ ਮੰਤਰੀ ਦੇ ਰੂਪ ਵਿਚ ਪਰ ਉਨ੍ਹਾਂ ਇਕ ਦਿਨ ਦੀ ਵੀ ਛੁੱਟੀ ਨਹੀਂ ਲਈ।

ਮੋਦੀ ਤੋਂ ਇਲਾਵਾ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਤੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਵੀ ਭਾਜਪਾ ਸੰਸਦੀ ਦਲ ਦੀ ਬੈਠਕ ਨੂੰ ਸੰਬੋਧਨ ਕੀਤਾ। ਜੈਸ਼ੰਕਰ ਨੇ ਕਿਹਾ ਕਿ ਮਹਾਮਾਰੀ ਦੌਰਾਨ ਪਹਿਲਾਂ ਹੋਰ ਦੇਸ਼ਾਂ ਨੂੰ ਐਂਟੀ-ਬਾਇਓਟਿਕਸ ਦਵਾਈਆਂ ਅਤੇ ਜਾਂਚ ਕਿੱਟਸ ਮੁਹੱਈਆ ਕਰਵਾਉਣ ਦੀ ਇਲਾਜ ਕੂਟਨੀਤੀ ਅਤੇ ਬਾਅਦ ਵਿਚ ਟੀਕਾ ਨੀਤੀ ਕਾਰਣ ਦੁਨੀਆ ਵਿਚ ਭਾਰਤ ਦਾ ਕੱਦ ਉੱਚਾ ਹੋਇਆ। ਸੀਤਾਰਮਨ ਨੇ ਪਾਰਟੀ ਦੇ ਸੰਸਦ ਮੈਂਬਰਾਂ ਸਾਹਮਣੇ ਕੇਂਦਰੀ ਬਜਟ ’ਤੇ ਪੇਸ਼ਕਾਰੀ ਦੌਰਾਨ ਕਿਹਾ ਕਿ ਕੋਰੋਨਾ ਵਾਇਰਸ ਮਹਾਮਾਰੀ ਦੇ ਆਰਥਿਕ ਪ੍ਰਭਾਵ ਦੇ ਬਾਜਵੂਦ ਸਰਕਾਰ ਨੇ ਜਨਤਾ ’ਤੇ ਕੋਈ ਵਾਧੂ ਟੈਕਸ ਨਹੀਂ ਲਾਇਆ ਅਤੇ ਸਾਰਿਆਂ ਲਈ ਸਮੁੱਚਾ ਬਜਟ ਲੈ ਕੇ ਆਈ। ਸੂਤਰਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਸੰਸਦ ਸੈਸ਼ਨ ਵਿਚ ਸੰਸਦ ਮੈਂਬਰਾਂ ਦੇ ਨਿਯਮਿਤ ਤੌਰ ’ਤੇ ਸ਼ਾਮਲ ਹੋਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ।


Rakesh

Content Editor

Related News