ਮੋਦੀ ਨੇ ਫਰਾਂਸ ਦੇ ਰਾਸ਼ਟਰਪਤੀ ਮੈਕਰੋਂ ਨਾਲ ਕੱਢਿਆ ਰੋਡ ਸ਼ੋਅ, ਜੈਪੁਰ ਦੀਆਂ ਗਲੀਆਂ ’ਚ ਕੀਤੀ ਖ਼ਰੀਦਦਾਰੀ

Friday, Jan 26, 2024 - 08:37 AM (IST)

ਜੈਪੁਰ (ਭਾਸ਼ਾ) - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਵੀਰਵਾਰ ਨੂੰ ਇੱਥੇ ਪਰਕੋਟੇ ਸਥਿਤ ਜੰਤਰ-ਮੰਤਰ ਤੋਂ ਹਵਾ ਮਹਿਲ ਤੱਕ ਰੋਡ ਸ਼ੋਅ ਕੀਤਾ। ਰੋਡ ਸ਼ੋਅ ਦੌਰਾਨ ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਮੈਕਰੋਨ ਇਕ ਖੁੱਲ੍ਹੇ-ਡੁੱਲ੍ਹੇ ਵਾਹਨ ਵਿਚ ਸਵਾਰ ਸਨ। ਦੋਵੇਂ ਆਗੂਆਂ ਨੇ ਸੜਕ ਦੇ ਦੋਵੇਂ ਪਾਸੇ ਖੜ੍ਹੀ ਭੀੜ ਦਾ ਸਵਾਗਤ ਸਵੀਕਾਰ ਕੀਤਾ। ਲੋਕਾਂ ਨੇ ‘ਮੋਦੀ-ਮੋਦੀ’ ਦੇ ਨਾਅਰੇ ਵੀ ਲਾਏ। ਕਈ ਥਾਵਾਂ ’ਤੇ ਉਨ੍ਹਾਂ ’ਤੇ ਫੁੱਲਾਂ ਦੀ ਵਰਖਾ ਕੀਤੀ ਗਈ। ਵੱਡੀ ਗਿਣਤੀ ਵਿਚ ਲੋਕਾਂ ਨੇ ਤਿਰੰਗਾ ਝੰਡਾ ਅਤੇ ਫਰਾਂਸ ਦਾ ਰਾਸ਼ਟਰੀ ਝੰਡਾ ਫੜਿਆ ਹੋਇਆ ਸੀ।

ਕਈ ਲੋਕਾਂ ਨੇ ਹੱਥਾਂ ਵਿਚ ਮੋਦੀ ਦੇ ਪੋਸਟਰ ਫੜੇ ਹੋਏ ਸਨ। ਰੋਡ ’ਤੇ ਮੋਦੀ ਅਤੇ ਮੈਕਰੋਨ ਦੇ ਕਟਆਊਟ ਵੀ ਲਗਾਏ ਗਏ ਸਨ। ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਇਹ ਰੋਡ ਸ਼ੋਅ ਜੰਤਰ-ਮੰਤਰ ਤੋਂ ਹਵਾ ਮਹਿਲ ਤੱਕ ਚੱਲਿਆ। ਇਸ ਤੋਂ ਬਾਅਦ ਦੋਵੇਂ ਆਗੂਆਂ ਨੇ ਜਗਮਗਾਉਂਦੇ ਇਤਿਹਾਸਕ ਹਵਾ ਮਹਿਲ ਦੇ ਦਰਸ਼ਨ ਕੀਤੇ। ਮੈਕਰੋਨ 26 ਜਨਵਰੀ ਨੂੰ ਦਿੱਲੀ ਵਿਚ ਹੋਣ ਵਾਲੇ ਗਣਤੰਤਰ ਦਿਵਸ ਸਮਾਰੋਹ ਵਿਚ ਮੁੱਖ ਮਹਿਮਾਨ ਹਨ, ਇਸ ਲਈ ਉਹ ਅੱਜ ਰਾਤ ਦਿੱਲੀ ਲਈ ਰਵਾਨਾ ਹੋਣਗੇ।

ਮੈਕਰੋਂ ਨੇ ਜੈਪੁਰ ਦੀਆਂ ਗਲੀਆਂ ’ਚ ਕੀਤੀ ਖ਼ਰੀਦਦਾਰੀ

ਜੈਪੁਰ ਪੁੱਜਣ ਤੋਂ ਬਾਅਦ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਉਥੋਂ ਦੀਅਾਂ ਗਲੀਅਾਂ ਵਿਚ ਖਰੀਦਦਾਰੀ ਕੀਤੀ। ਇਸ ਦੌਰਾਨ ਉਨ੍ਹਾਂ ਕਈ ਦੁਕਾਨਦਾਰਾਂ ਨਾਲ ਗੱਲਬਾਤ ਵੀ ਕੀਤੀ। ਉਹ ਸਭ ਤੋਂ ਪਹਿਲਾਂ ਜੰਤਰ-ਮੰਤਰ ’ਤੇ ਗਏ, ਜਿਥੇ ਉਨ੍ਹਾਂ ਦਾ ਸਵਾਗਤ ਰਾਜਸਥਾਨ ਦੇ ਮੁੱਖ ਮੰਤਰੀ ਤੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕੀਤਾ।


Harinder Kaur

Content Editor

Related News