ਕਿਸਾਨਾਂ ਨਾਲ ਤੁਰੰਤ ਗੱਲਬਾਤ ਤੇ ਉਨ੍ਹਾਂ ਖ਼ਿਲਾਫ਼ ਕੀਤੇ ਕੇਸ ਵਾਪਸ ਲਵੇ ਮੋਦੀ ਸਰਕਾਰ : ਜੀ.ਕੇ.

Wednesday, May 26, 2021 - 08:13 PM (IST)

ਕਿਸਾਨਾਂ ਨਾਲ ਤੁਰੰਤ ਗੱਲਬਾਤ ਤੇ ਉਨ੍ਹਾਂ ਖ਼ਿਲਾਫ਼ ਕੀਤੇ ਕੇਸ ਵਾਪਸ ਲਵੇ ਮੋਦੀ ਸਰਕਾਰ : ਜੀ.ਕੇ.

ਨਵੀਂ ਦਿੱਲੀ (ਬਿਊਰੋ) - ਕਿਸਾਨਾਂ ਦੇ ਦਿੱਲੀ ਧਰਨੇ ਨੂੰ 6 ਮਹੀਨੇ ਪੂਰੇ ਹੋ ਜਾਣ 'ਤੇ ਜਾਗੋ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿੱਖਿਆ ਹੈ। ਕਿਸਾਨਾਂ ਨਾਲ ਤੁਰੰਤ ਗੱਲਬਾਤ ਕਰਨ ਅਤੇ ਕਿਸਾਨਾਂ ਦੇ ਖ਼ਿਲਾਫ਼ ਦਰਜ ਕੀਤੇ ਮੁਕੱਦਮੇ ਤੁਰੰਤ ਵਾਪਸ ਲੈਣ ਦੀ ਮੰਗ ਕਰਦੇ ਹੋਏ ਜੀ.ਕੇ. ਨੇ ਪੱਤਰ 'ਚ ਕਿਹਾ ਕਿ ਦਿੱਲੀ ਬਾਰਡਰ 'ਤੇ ਧਰਨਾ ਦਿੰਦੇ ਹੋਏ ਦੇਸ਼ ਦੇ ਕਿਸਾਨਾਂ ਨੂੰ ਅੱਜ 6 ਮਹੀਨੇ ਪੂਰੇ ਹੋ ਗਏ ਹਨ।

ਇਹ ਵੀ ਪੜ੍ਹੋ- ਕੀ ਹੁਣ ਛੇਤੀ ਹੋਵੇਗਾ ਕਿਸਾਨੀ ਮਸਲੇ ਦਾ ਹੱਲ !

ਠੰਡ, ਮੀਂਹ, ਝੱਖੜ, ਗਰਮੀ ਅਤੇ ਕੋਰੋਨਾ ਦੀ ਮਾਰ ਬਰਦਾਸ਼ਤ ਕਰ ਰਹੇ ਕਿਸਾਨਾਂ ਦੇ ਹੌਸਲੇ ਆਪਣੀਆਂ ਮੰਗਾਂ ਨੂੰ ਲੈ ਕੇ ਅਜੇ ਵੀ ਬੁਲੰਦ ਹਨ। ਦੇਸ਼ ਜਦੋਂ ਅਨਾਜ ਦੀ ਘਾਟ ਨਾਲ ਜੂਝ ਰਿਹਾ ਸੀ ਤਾਂ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਲਾਲ ਬਹਾਦੁਰ ਸ਼ਾਸਤਰੀ ਨੇ 'ਜੈ ਜਵਾਨ ਜੈ ਕਿਸਾਨ' ਦਾ ਨਾਅਰਾ ਬੁਲੰਦ ਕੀਤਾ ਸੀ। ਦੇਖਦੇ ਹੀ ਦੇਖਦੇ ਕਿਸਾਨਾਂ ਨੇ ਦੇਸ਼ ਨੂੰ ਹਰੀ ਕ੍ਰਾਂਤੀ ਦੀ ਲਹਿਰ ਦੇ ਕੇ ਦੇਸ਼ ਨੂੰ ਸਵੈ-ਨਿਰਭਰ ਬਣਾਇਆ ਸੀ ਹਾਲਾਂਕਿ ਬਦਲੇ 'ਚ ਕਿਸਾਨਾਂ ਨੂੰ ਉਨ੍ਹਾਂ ਦਾ ਬਣਦਾ ਅਧਿਕਾਰ ਦੇਣ ਦੀ ਬਜਾਏ ਉਨ੍ਹਾਂ ਨੂੰ ਬੋਰਵੈਲ ਦਾ 300 ਫੁੱਟ ਤੱਕ ਘੱਟਦਾ ਪਾਣੀ ਜਾਂ ਜਹਿਰ ਵਾਲੇ ਕੀਟਨਾਸ਼ਕਾਂ ਦੇ ਇਸਤੇਮਾਲ ਨਾਲ ਕੈਂਸਰ ਜਾਂ ਹੋਰ ਬਿਮਾਰੀਆਂ ਹੀ ਮਿਲੀਆਂ ਹਨ।

ਇਹ ਵੀ ਪੜ੍ਹੋ-  ਕਿਸਾਨੀ ਘੋਲ ਦੇ 6 ਮਹੀਨੇ ਪੂਰੇ, ਜਾਣੋ ਕੀ ਹੋਵੇਗਾ ਅੰਦੋਲਨ ਦਾ ਭਵਿੱਖ

ਮੋਦੀ ਨੂੰ ਚੋਣ ਮਨੋਰਥ ਪੱਤਰ ਦੀ ਯਾਦ ਦਿਵਾਉਂਦੇ ਹੋਏ ਜੀ.ਕੇ ਨੇ ਕਿਹਾ ਕਿ ਦੇਸ਼ ਦੇ ਕਿਸਾਨਾਂ ਨੂੰ ਤੁਸੀਂ ਕਮਾਈ ਦੁਗੁਣੀ ਕਰਨ ਦਾ ਭਰੋਸਾ ਦਿੱਤਾ ਸੀ ਪਰ ਅੱਜ ਖੇਤੀਬਾੜੀ ਖੇਤਰ ਵਿੱਚ ਵਧਦੇ ਵਪਾਰਕ ਹਿਤਾਂ ਦੀ ਵਜਾ ਨਾਲ ਕਿਸਾਨ ਆਪਣੇ ਭਵਿੱਖ ਨੂੰ ਲੈ ਕੇ ਖ਼ਦਸ਼ਾ ਗ੍ਰਸਤ ਹਨ। ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਸਾਹਿਬ ਨੇ ਖ਼ੁਦ ਖੇਤੀ ਕੀਤੀ ਸੀ, ਜਦੋਂ ਕਿ ਪਹਿਲਾ ਸਿੱਖ ਰਾਜ ਸਥਾਪਤ ਕਰਨ ਵਾਲੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਨੇ ਭੂਮੀਹੀਣ ਕਿਸਾਨਾਂ ਨੂੰ ਜ਼ਮੀਨਾਂ ਦੇ ਕੇ ਉਨ੍ਹਾਂ ਨੂੰ ਆਤਮਨਿਰਭਰ ਬਣਾਇਆ ਸੀ। ਇਸ ਮਹਾਨ ਸ਼ਖ਼ਸੀਅਤ ਦੀ ਸ਼ਹੀਦੀ ਦੀ ਤੀਜੀ ਸ਼ਤਾਬਦੀ ਮੌਕੇ 3 ਜੁਲਾਈ 2016 ਨੂੰ ਤੁਸੀਂ ਦਿੱਲੀ ਵਿੱਚ ਹੋਈ ਵਿਸ਼ਾਲ ਇਕੱਠ ਵਿੱਚ ਹਿੱਸਾ ਵੀ ਲਿਆ ਸੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਇਨਸਾਫ਼ ਕਰਨ ਦੀ ਸੋਚ ਦੀ ਸ਼ਾਬਾਸ਼ੀ ਦਿੰਦੇ ਹੋਏ ਟਵੀਟ ਵੀ ਕੀਤਾ ਸੀ। ਇਸ ਲਈ ਪ੍ਰਧਾਨ ਮੰਤਰੀ ਹੋਣ ਦੇ ਨਾਤੇ 6 ਮਹੀਨੇ ਲੰਬੇ ਇਸ ਵੈਚਾਰਿਕ ਟਕਰਾਅ ਨੂੰ ਟਾਲਣ ਦੀ ਪਹਿਲਕਦਮੀ ਤੁਹਾਨੂੰ ਕਰਨੀ ਚਾਹੀਦੀ ਹੈ। ਤਾਂਕਿ ਖੇਤ ਵਿੱਚ ਕੰਮ ਕਰਦਾ ਕਿਸਾਨ ਅਤੇ ਦੇਸ਼ ਦੇ ਬਾਰਡਰ ਉੱਤੇ ਡਟਿਆ ਜਵਾਨ ਰਾਹਤ ਮਹਿਸੂਸ ਕਰ ਸਕਣ ਨਾਲ ਹੀ ਕਿਸਾਨਾਂ ਦੇ ਖ਼ਿਲਾਫ਼ ਦਰਜ ਕੀਤੇ ਸਾਰੇ ਮੁਕੱਦਮੇ ਵਾਪਸ ਲਏ ਜਾਣ। ਜੇਕਰ ਕਿਸਾਨ ਖ਼ੁਸ਼ਹਾਲ ਹੋਵੇਗਾ ਤਾਂ ਦੇਸ਼ ਵੀ ਖ਼ੁਸ਼ਹਾਲ ਹੋਵੇਗਾ, ਕਿਉਂਕਿ ਭਾਰਤ ਦੀ ਜ਼ਿਆਦਾ ਆਬਾਦੀ ਪਿੰਡਾਂ ਵਿੱਚ ਵੱਸਦੀ ਹੈ।


author

Bharat Thapa

Content Editor

Related News