ਮੋਦੀ ਸਰਕਾਰ ਕੋਵਿਡ ਟੀਕਾਕਰਨ ਅੰਕੜਿਆਂ ਨੂੰ ਲੈ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ: ਅਧੀਰ
Saturday, Oct 23, 2021 - 03:45 PM (IST)
ਕੋਲਕਾਤਾ (ਭਾਸ਼ਾ)— ਕਾਂਗਰਸ ਦੇ ਸੀਨੀਅਰ ਨੇਤਾ ਅਧੀਰ ਰੰਜਨ ਚੌਧਰੀ ਨੇ ਸ਼ਨੀਵਾਰ ਨੂੰ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਕੋਵਿਡ-ਓ19 ਟੀਕਾਕਰਨ ਦੇ ਅੰਕੜਿਆਂ ’ਤੇ ਆਪਣੀ ਮੁਹਿੰਮ ਨਾਲ ਦੇਸ਼ ਦੇ ਲੋਕਾਂ ਨੂੰ ‘ਗੁੰਮਰਾਹ’ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਲੋਕ ਸਭਾ ਵਿਚ ਕਾਂਗਰਸ ਦੇ ਨੇਤਾ ਅਧੀਰ ਨੇ ਦਾਅਵਾ ਕੀਤਾ ਕਿ ਟੀਕੇ ਦੀਆਂ 100 ਕਰੋੜ ਖ਼ੁਰਾਕਾਂ ਦੇਣ ’ਤੇ ਮੋਦੀ ਦੀ ਮੁਹਿੰਮ ਨੂੰ ਇਸ ਤਰ੍ਹਾਂ ਵਿਖਾਇਆ ਗਿਆ ਜਿਵੇਂ 100 ਕਰੋੜ ਲੋਕਾਂ ਨੂੰ ਟੀਕਾ ਲੱਗਾ ਦਿੱਤਾ ਗਿਆ ਹੋਵੇ।
ਅਧੀਰ ਨੇ ਫੇਸਬੁੱਕ ’ਤੇ ਪੋਸਟ ਕੀਤੀ ਗਈ ਇਕ ਵੀਡੀਓ ਵਿਚ ਕਿਹਾ ਕਿ ਟੀਕੇ ਦੀਆਂ 100 ਕਰੋੜ ਖ਼ੁਰਾਕਾਂ ਲਾਉਣ ’ਤੇ 100 ਥਾਵਾਂ ਨੂੰ ਰੌਸ਼ਨੀ ਨਾਲ ਜਗਮਗ ਕੀਤਾ ਗਿਆ। ਪ੍ਰਧਾਨ ਮੰਤਰੀ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਕਿ 100 ਕਰੋੜ ਲੋਕਾਂ ਨੂੰ ਟੀਕੇ ਦੀਆਂ ਦੋਵੇਂ ਖ਼ੁਰਾਕਾਂ ਦੇ ਦਿੱਤੀਆਂ ਗਈਆਂ ਹਨ। ਇਹ ਸੱਚ ਨਹੀਂ ਹੈ। ਸਰਕਾਰ ਨੇ ਦੱਸਿਆ ਕਿ 29 ਕਰੋੜ ਲੋਕਾਂ ਨੇ ਦੋਵੇਂ ਖ਼ੁਰਾਕਾਂ ਲੈ ਲਈਆਂ ਹਨ, ਜੋ ਪੂਰੀ ਆਬਾਦੀ ਦਾ ਮਹਿਜ 21 ਫ਼ੀਸਦੀ ਹੈ। ਸਿਰਫ਼ 21 ਫ਼ੀਸਦੀ ਆਬਾਦੀ ਸੁਰੱਖਿਅਤ ਹੈ। ਨਾਲ ਹੀ ਦੇਸ਼ ਵਿਚ ਅਜੇ ਤੱਕ ਬੂਸਟਰ ਖ਼ੁਰਾਕਾਂ ਨਹੀਂ ਦਿੱਤੀਆਂ ਜਾ ਰਹੀਆਂ। ਉਨ੍ਹਾਂ ਨੇ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਆਪਣੇ ਟੀਕਾਕਰਨ ਪ੍ਰੋਗਰਾਮ ਨੂੰ ਇਸ ਤਰੀਕੇ ਨਾਲ ਵਿਖਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਵੇਂ ਕਿ ਇਹ ਦੇਸ਼ ’ਚ ਆਪਣੀ ਤਰ੍ਹਾਂ ਦੀ ਪਹਿਲੀ ਪਹਿਲ ਹੋਵੇ।