ਮੋਦੀ ਸਰਕਾਰ CBI ਦੇ ਕੰਮਕਾਜ ''ਚ ਦਖ਼ਲ ਨਹੀਂ ਦਿੰਦੀ : ਜਿਤੇਂਦਰ ਸਿੰਘ
Sunday, Apr 23, 2023 - 11:03 AM (IST)
ਜੰਮੂ (ਭਾਸ਼ਾ)- ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਸ਼ਨੀਵਾਰ ਨੂੰ ਕਿਹਾ ਕਿ ਕੇਂਦਰ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਦੇ ਕੰਮਕਾਜ 'ਚ ਦਖ਼ਲ ਨਹੀਂ ਦਿੰਦੀ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੇ ਸੰਯੁਕਤ ਪ੍ਰਗਤੀਸ਼ੀਲ ਗਠਜੋੜ (ਯੂ.ਪੀ.ਏ.) ਦੇ ਸ਼ਾਸਨ 'ਚ ਸੀ.ਬੀ.ਆਈ. 'ਤੇ ਤੰਜ਼ ਕੱਸਦੇ ਹੋਏ ਉਸ ਨੂੰ 'ਪਿੰਜਰੇ 'ਚ ਕੈਦ ਤੋਤਾ' ਦੱਸਿਆ ਸੀ। ਸਿੰਘ ਨੇ ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਨੂੰ ਇਕ ਬੀਮਾ ਘਪਲੇ ਦੀ ਜਾਂਚ ਦੇ ਸਿਲਸਿਲੇ 'ਚ ਸੀ.ਬੀ.ਆਈ. ਵਲੋਂ ਜਾਰੀ ਸੰਮਨ ਬਾਰੇ ਪੁੱਛੇ ਜਾਣ 'ਤੇ ਇਹ ਟਿੱਪਣੀ ਕੀਤੀ।
ਉਨ੍ਹਾਂ ਨੇ ਜੰਮੂ 'ਚ ਭਾਜਪਾ ਦੇ ਇਕ ਪ੍ਰੋਗਰਾਮ ਤੋਂ ਬਾਅਦ ਕਿਹਾ,''ਸੀ.ਬੀ.ਆਈ. ਇਕ ਖੁਦਮੁਖਤਿਆਰ ਸੰਸਥਾ ਹੈ। ਉਸ ਨੂੰ ਆਪਣੀ ਜਾਂਚ ਦੇ ਆਧਾਰ 'ਤੇ ਕਾਰਵਾਈ ਕਰਨ ਦਿਓ। ਇਸ ਦੇ ਕੰਮਕਾਜ 'ਚ ਕੋਈ ਦਖ਼ਲ ਨਹੀਂ ਦੇ ਸਕਦੇ।'' ਕਾਂਗਰਸ ਨੇਤਾ ਕੇ.ਸੀ. ਵੇਣੂਗੋਪਾਲ ਦੇ ਉਸ ਟਵੀਟ 'ਤੇ ਉਨ੍ਹਾਂ ਦੀ ਪ੍ਰਕਿਰਿਆ ਬਾਰੇ ਪੁੱਛੇ ਜਾਣ 'ਤੇ ਕੇਂਦਰੀ ਏਜੰਸੀਆਂ ਭਾਜਪਾ ਦੀ 'ਲੈਪਡੌਗ' ਹਨ, ਸਿੰਘ ਨੇ ਕਿਹਾ,''ਉਹ ਅਜੇ ਵੀ ਉਸ ਮਾਨਸਿਕਤਾ ਨੂੰ ਢੋਹ ਰਹੇ ਹਨ, ਜੋ ਕਾਂਗਰਸ ਦੇ ਸਮੇਂ ਹੋਇਆ ਕਰਦੀ ਸੀ।'' ਕੇਂਦਰੀ ਮੰਤਰੀ ਨੇ ਇਹ ਵੀ ਕਿਹਾ ਕਿ ਯੂ.ਪੀ.ਏ. ਸਰਕਾਰ ਦੌਰਾਨ ਸੁਪਰੀਮ ਕੋਰਟ ਨੇ ਸੀ.ਬੀ.ਆਈ. ਨੂੰ 'ਪਿੰਜਰੇ 'ਚ ਬੰਦ ਤੋਤਾ' ਕਿਹਾ ਸੀ।