‘ਕੋਰੋਨਾ’ ਨਾਲ ਨਜਿੱਠਣ ’ਚ ਖੁੱਲ੍ਹ ਗਈ ਮੋਦੀ ਸਰਕਾਰ ਦੀ ਪੋਲ: ਸੋਨੀਆ ਗਾਂਧੀ
Saturday, Apr 10, 2021 - 06:21 PM (IST)
ਨਵੀਂ ਦਿੱਲੀ— ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਕਾਰਨ ਦੇਸ਼ ਵਿਚ ਜੋ ਹਾਲਾਤ ਪੈਦਾ ਹੋ ਗਏ ਹਨ, ਉਸ ਦੇ ਪਿੱਛੇ ਮੋਦੀ ਸਰਕਾਰ ਦਾ ਮਾੜਾ ਪ੍ਰਬੰਧਨ ਹੈ ਅਤੇ ਹੁਣ ਸਥਿਤੀ ਦਿਨੋਂ-ਦਿਨ ਕੰਟਰੋਲ ਤੋਂ ਬਾਹਰ ਹੋ ਰਹੀ ਹੈ। ਸੋਨੀਆ ਨੇ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਨਾਲ ਨਜਿੱਠਣ ਦੀਆਂ ਕੋਸ਼ਿਸ਼ਾਂ ਦੀ ਸਮੀਖਿਆ ਲਈ ਆਯੋਜਿਤ ਕਾਂਗਰਸ ਸ਼ਾਸਿਤ ਸੂਬਿਆਂ ਅਤੇ ਕਾਂਗਰਸ ਦੇ ਗਠਜੋੜ ਵਾਲੀਆਂ ਸੂਬਾ ਸਰਕਾਰਾਂ ਦੇ ਮੁੱਖ ਮੰਤਰੀਆਂ ਦੀ ਬੈਠਕ ’ਚ ਕਿਹਾ ਕਿ ਮੋਦੀ ਸਰਕਾਰ ਨੇ ਕੋਰੋਨਾ ਦੀ ਲੜਾਈ ’ਚ ਆਪਣੇ ਮਾੜੇ ਪ੍ਰਬੰਧਨ ਦਾ ਪਰਿਚੈ ਦਿੱਤਾ ਹੈ। ਸਰਕਾਰ ਨੇ ਕੋਰੋਨਾ ਦੇ ਫੈਲਾਅ ਦੀ ਸਥਿਤੀ ਵਿਚ ਪ੍ਰਬੰਧਨ ਸਹੀ ਨਹੀਂ ਕੀਤਾ।
ਦੇਸ਼ ਵਿਚ ਕੋਰੋਨਾ ਵੈਕਸੀਨ ਦੀ ਕਮੀ ਹੈ ਪਰ ਇਸ ਦਾ ਨਿਰਯਾਤ ਕੀਤਾ ਜਾ ਰਿਹਾ ਹੈ, ਜਦਕਿ ਕਈ ਸੂਬਿਆਂ ਤੋਂ ਇਸ ਦੀਆਂ ਸ਼ਿਕਾਇਤਾਂ ਵੀ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਮੁੱਦੇ ’ਤੇ ਪਾਰਦਰਸ਼ਿਤਾ ਨਾਲ ਅਤੇ ਪ੍ਰਚਾਰ ਦੇ ਹੱਥਕੰਡੇ ਅਪਣਾਉਣ ਦੀ ਬਜਾਏ ਸਾਫ਼ ਨੀਅਤ ਨਾਲ ਕੰਮ ਕਰਨ ਦੀ ਲੋੜ ਹੈ। ਕੇਂਦਰ ਜਾਂ ਸੂਬਾ ਸਰਕਾਰਾਂ ਨੂੰ ਇਨਫੈਕਟਡ ਲੋਕਾਂ ਅਤੇ ਇਸ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਲੈ ਕੇ ਅਸਲ ਅੰਕੜੇ ਪੇਸ਼ ਕਰਨੇ ਚਾਹੀਦੇ ਹਨ। ਸਭ ਤੋਂ ਪਹਿਲਾਂ ਸਾਨੂੰ ਭਾਰਤ ਵਿਚ ਟੀਕਾਕਰਨ ਮੁਹਿੰਮ ’ਤੇ ਧਿਆਨ ਕੇਂਦਰਿਤ ਕਰਨਾ ਹੋਵੇਗਾ। ਉਸ ਤੋਂ ਬਾਅਦ ਹੀ ਟੀਕਿਆਂ ਦਾ ਨਿਰਯਾਤ ਅਤੇ ਉਸ ਨੂੰ ਤੋਹਫ਼ਿਆਂ ਦੇ ਰੂਪ ਵਿਚ ਹੋਰ ਦੇਸ਼ਾਂ ਨੂੰ ਭੇਜਣ ’ਤੇ ਵਿਚਾਰ ਕਰਨਾ ਚਾਹੀਦਾ ਹੈ।