ਕਿਸਾਨਾਂ ਲਈ ਖੁਸ਼ਖਬਰੀ! ਪੀਐੱਮ ਕਿਸਾਨ ਸਨਮਾਨ ਨਿਧੀ ''ਤੇ ਮੋਦੀ ਸਰਕਾਰ ਦਾ ਵੱਡਾ ਫੈਸਲਾ

Saturday, Aug 01, 2026 - 12:25 AM (IST)

ਕਿਸਾਨਾਂ ਲਈ ਖੁਸ਼ਖਬਰੀ! ਪੀਐੱਮ ਕਿਸਾਨ ਸਨਮਾਨ ਨਿਧੀ ''ਤੇ ਮੋਦੀ ਸਰਕਾਰ ਦਾ ਵੱਡਾ ਫੈਸਲਾ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਕੇਂਦਰੀ ਕੈਬਨਿਟ ਦੀ ਮੀਟਿੰਗ ਵਿੱਚ ਕਿਸਾਨਾਂ, ਖਿਡਾਰੀਆਂ ਅਤੇ ਸਵੱਛ ਊਰਜਾ ਖੇਤਰ ਲਈ ਤਿੰਨ ਵੱਡੇ ਫੈਸਲਿਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਸਰਕਾਰ ਨੇ ਸਭ ਤੋਂ ਵੱਡਾ ਫੈਸਲਾ ਲੈਂਦਿਆਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (PM-KISAN) ਯੋਜਨਾ ਨੂੰ ਸਾਲ 2030-31 ਤੱਕ ਜਾਰੀ ਰੱਖਣ ਦਾ ਐਲਾਨ ਕੀਤਾ ਹੈ, ਜਿਸ ਲਈ 3.15 ਲੱਖ ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਮੀਡੀਆ ਰਾਹੀਂ ਕਿਹਾ ਕਿ ਸਰਕਾਰ ਦੇਸ਼ ਭਰ ਦੇ ਕਿਸਾਨ ਭੈਣ-ਭਰਾਵਾਂ ਦੇ ਸਸ਼ਕਤੀਕਰਨ ਅਤੇ ਖ਼ੁਸ਼ਹਾਲੀ ਲਈ ਵਚਨਬੱਧ ਹੈ। ਇਸ ਯੋਜਨਾ ਤਹਿਤ ਪਾਤਰ ਕਿਸਾਨਾਂ ਨੂੰ ਹਰ ਸਾਲ 6,000 ਰੁਪਏ ਦੀ ਸਹਾਇਤਾ ਤਿੰਨ ਕਿਸ਼ਤਾਂ ਵਿੱਚ ਸਿੱਧੀ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਭੇਜੀ ਜਾਂਦੀ ਹੈ। ਹੁਣ ਤੱਕ ਇਸ ਯੋਜਨਾ ਰਾਹੀਂ ਕਿਸਾਨਾਂ ਨੂੰ 4.47 ਲੱਖ ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਟ੍ਰਾਂਸਫਰ ਕੀਤੀ ਜਾ ਚੁੱਕੀ ਹੈ। ਅੰਕੜਿਆਂ ਅਨੁਸਾਰ, 85 ਫੀਸਦੀ ਕਿਸਾਨਾਂ ਨੇ ਮੰਨਿਆ ਹੈ ਕਿ ਇਸ ਯੋਜਨਾ ਕਾਰਨ ਉਨ੍ਹਾਂ ਦੇ ਕਰਜ਼ੇ ਦਾ ਬੋਝ ਘਟਿਆ ਹੈ ਅਤੇ ਆਮਦਨ ਵਿੱਚ ਵਾਧਾ ਹੋਇਆ ਹੈ।

ਕੈਬਨਿਟ ਨੇ ਖਿਡਾਰੀਆਂ ਲਈ ਵੀ ਵੱਡਾ ਤੋਹਫ਼ਾ ਦਿੰਦੇ ਹੋਏ 'ਖੇਲੋ ਇੰਡੀਆ' ਯੋਜਨਾ ਅਤੇ ਰਾਸ਼ਟਰੀ ਖੇਡ ਸੰਘਾਂ ਨੂੰ ਦਿੱਤੀ ਜਾਣ ਵਾਲੀ ਸਹਾਇਤਾ ਨੂੰ 2030-31 ਤੱਕ ਵਧਾਉਣ ਦੀ ਮਨਜ਼ੂਰੀ ਦਿੱਤੀ ਹੈ। ਇਸ ਦੇ ਲਈ 36,441 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ, ਜੋ ਪਿਛਲੀ ਯੋਜਨਾ ਦੇ ਮੁਕਾਬਲੇ ਕਰੀਬ ਅੱਠ ਗੁਣਾ ਵੱਧ ਹਨ। ਪ੍ਰਧਾਨ ਮੰਤਰੀ ਅਨੁਸਾਰ, ਇਸ ਨਾਲ ਨੌਜਵਾਨ ਖਿਡਾਰੀਆਂ ਨੂੰ ਬਿਹਤਰ ਸਿਖਲਾਈ, ਆਧੁਨਿਕ ਸਹੂਲਤਾਂ ਅਤੇ ਓਲੰਪਿਕ ਵਰਗੇ ਵੱਡੇ ਮੰਚਾਂ ਲਈ ਤਿਆਰ ਹੋਣ ਦੇ ਵਧੇਰੇ ਮੌਕੇ ਮਿਲਣਗੇ।

ਊਰਜਾ ਖੇਤਰ ਵਿੱਚ ਕਦਮ ਵਧਾਉਂਦੇ ਹੋਏ ਸਰਕਾਰ ਨੇ 5,070 ਕਰੋੜ ਰੁਪਏ ਦੀ ਪ੍ਰਧਾਨ ਮੰਤਰੀ ਸੂਰਯ ਸਰੋਵਰ ਯੋਜਨਾ (PM-SSY) ਨੂੰ ਵੀ ਹਰੀ ਝੰਡੀ ਦੇ ਦਿੱਤੀ ਹੈ। ਇਸ ਯੋਜਨਾ ਤਹਿਤ ਜਲਾਸ਼ਿਆਂ 'ਤੇ ਫਲੋਟਿੰਗ ਸੋਲਰ ਪਲਾਂਟ ਵਿਕਸਿਤ ਕੀਤੇ ਜਾਣਗੇ, ਜਿਸ ਨਾਲ ਹਰ ਸਾਲ ਕਰੀਬ 1 ਕਰੋੜ ਟਨ ਕਾਰਬਨ (CO₂) ਨਿਕਾਸ ਘੱਟ ਹੋਵੇਗਾ ਅਤੇ ਹਜ਼ਾਰਾਂ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ। ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਇਹ ਫੈਸਲੇ ਦੇਸ਼ ਦੇ ਵਿਕਾਸ ਅਤੇ ਆਤਮ-ਨਿਰਭਰਤਾ ਦੀ ਦਿਸ਼ਾ ਵਿੱਚ ਮਹੱਤਵਪੂਰਨ ਸਾਬਤ ਹੋਣਗੇ।


author

Inder Prajapati

Content Editor

Related News