ਅਡਾਣੀ-ਅੰਬਾਨੀ ਦੇ ਰਿਮੋਟ ਨਾਲ ਚੱਲਦੇ ਹਨ ਮੋਦੀ : ਰਾਹੁਲ ਗਾਂਧੀ
Sunday, Nov 02, 2025 - 10:52 PM (IST)
ਬੇਗੂਸਰਾਏ-ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਦੋਸ਼ ਲਾਇਆ ਕਿ ਉਹ ਨਾ ਸਿਰਫ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਡਰਦੇ ਹਨ, ਸਗੋਂ ‘ਵੱਡੇ ਕਾਰੋਬਾਰੀ ਘਰਾਣਿਆਂ’ ਦੇ ਰਿਮੋਟ ਕੰਟਰੋਲ ਦੇ ਇਸ਼ਾਰੇ ’ਤੇ ਕੰਮ ਕਰਦੇ ਹਨ। ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਗਾਂਧੀ ਨੇ ਬਿਹਾਰ ਦੇ ਬੇਗੂਸਰਾਏ ਜ਼ਿਲੇ ’ਚ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ, ‘‘ਵੱਡੀ ਛਾਤੀ ਹੋਣਾ ਤਾਕਤਵਰ ਹੋਣ ਦੀ ਨਿਸ਼ਾਨੀ ਨਹੀਂ ਹੈ। ਮਹਾਤਮਾ ਗਾਂਧੀ ਨੂੰ ਵੇਖੋ, ਉਨ੍ਹਾਂ ਦਾ ਸਰੀਰ ਕਮਜ਼ੋਰ ਸੀ ਪਰ ਉਨ੍ਹਾਂ ਨੇ ਉਸ ਵੇਲੇ ਦੀ ਮਹਾਸ਼ਕਤੀ ਬ੍ਰਿਟਿਸ਼ ਹਕੂਮਤ ਨੂੰ ਝੁਕਾਅ ਦਿੱਤਾ।’’
ਉਨ੍ਹਾਂ ਨੇ ਪ੍ਰਧਾਨ ਮੰਤਰੀ ’ਤੇ ਵਿਅੰਗ ਕੱਸਦੇ ਹੋਏ ਕਿਹਾ, ‘‘ਦੂਜੇ ਪਾਸੇ, ਸਾਡੇ ਨਰਿੰਦਰ ਮੋਦੀ ਹਨ, ਜੋ ਆਪਣੀ 56 ਇੰਚ ਦੀ ਛਾਤੀ ਹੋਣ ਦਾ ਦਾਅਵਾ ਕਰਦੇ ਹਨ ਪਰ ਜਦੋਂ ‘ਆਪ੍ਰੇਸ਼ਨ ਸਿੰਧੂਰ’ ਦੌਰਾਨ ਟਰੰਪ ਦਾ ਫੋਨ ਆਇਆ ਤਾਂ ਉਨ੍ਹਾਂ ਨੂੰ ਘਬਰਾਹਟ ਦਾ ਦੌਰਾ ਪੈ ਗਿਆ ਅਤੇ ਪਾਕਿਸਤਾਨ ਨਾਲ ਫੌਜੀ ਟਕਰਾਅ ਦੋ ਦਿਨਾਂ ’ਚ ਖਤਮ ਹੋ ਗਿਆ। ਉਹ ਨਾ ਸਿਰਫ ਟਰੰਪ ਤੋਂ ਡਰਦੇ ਹਨ ਸਗੋਂ ਅਡਾਣੀ ਅਤੇ ਅੰਬਾਨੀ ਦੇ ਰਿਮੋਟ ਨਾਲ ਚੱਲਦੇ ਹਨ।’’
ਕਾਂਗਰਸ ਨੇਤਾ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਦੇ ਸਾਰੇ ਵੱਡੇ ਫੈਸਲੇ, ਜਿਵੇਂ ਨੋਟਬੰਦੀ ਅਤੇ ਮਾਲ ਅਤੇ ਸੇਵਾ ਕਰ (ਜੀ. ਐੱਸ. ਟੀ.), ‘ਛੋਟੇ ਕਾਰੋਬਾਰੀਆਂ ਨੂੰ ਖਤਮ ਕਰ ਕੇ ਵੱਡੇ ਉਦਯੋਗਪਤੀਆਂ ਨੂੰ ਫਾਇਦਾ ਪਹੁੰਚਾਉਣ ਲਈ ਲਏ ਗਏ ਸਨ।’
ਗਾਂਧੀ ਨੇ ਕਿਹਾ, ‘‘ਸਾਡੀ ਸੋਚ ਵੱਖ ਹੈ। ਅਸੀਂ ਛੋਟੇ ਵਪਾਰੀਆਂ ਨੂੰ ਉਤਸ਼ਾਹ ਦੇਣਾ ਚਾਹੁੰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਤੁਹਾਡੇ ਮੋਬਾਈਲ ਅਤੇ ਟੀ-ਸ਼ਰਟ ’ਤੇ ‘ਮੇਡ ਇਨ ਚਾਈਨਾ’ ਦੀ ਜਗ੍ਹਾ ‘ਮੇਡ ਇਨ ਬਿਹਾਰ’ ਲਿਖਿਆ ਹੋਵੇ।’’ ਪ੍ਰਧਾਨ ਮੰਤਰੀ ’ਤੇ ਵੋਟ ਹਾਸਲ ਕਰਨ ਲਈ ਕੁਝ ਵੀ ਕਰਨ ਦਾ ਦੋਸ਼ ਲਾਉਂਦੇ ਹੋਏ ਰਾਹੁਲ ਨੇ ਕਿਹਾ, ‘‘ਉਨ੍ਹਾਂ ਨੂੰ ਕਹੋ ਯੋਗਾ ਕਰੋ, ਤਾਂ ਉਹ ਕੁਝ ਆਸਨ ਕਰਨ ਲੱਗਣਗੇ।’’
ਉਨ੍ਹਾਂ ਕਿਹਾ ਕਿ ਜੇਕਰ ‘ਇੰਡੀਆ ਗੱਠਜੋੜ’ ਨੂੰ ਬਿਹਾਰ ’ਚ ਸੱਤਾ ਮਿਲੀ, ਤਾਂ ਉਸ ਦੀ ਸਰਕਾਰ ਹਰ ਵਰਗ ਲਈ ਕੰਮ ਕਰੇਗੀ, ਕਿਸੇ ਇਕ ਜਾਤੀ ਜਾਂ ਭਾਈਚਾਰੇ ਲਈ ਨਹੀਂ। ਰਾਹੁਲ ਗਾਂਧੀ ਨੇ ਨੌਜਵਾਨਾਂ ਨਾਲ ਜੁਡ਼ੇ ਮੁੱਦਿਆਂ ’ਤੇ ਕਿਹਾ, ‘‘ਪ੍ਰਧਾਨ ਮੰਤਰੀ ਨੌਜਵਾਨਾਂ ਨੂੰ ਰੀਲਜ਼ ਦੇਖਣ ਲਈ ਕਹਿੰਦੇ ਹਨ ਤਾਂ ਜੋ ਉਨ੍ਹਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਹਟ ਜਾਵੇ ਅਤੇ ਉਹ ਬੇਰੋਜ਼ਗਾਰੀ ਵਰਗੇ ਸਵਾਲ ਨਾ ਪੁੱਛਣ।’’
