ਮੋਦੀ 3.0: ਉਮੀਦਾਂ ਦਾ ਬਜਟ ਅੱਜ; ਪ੍ਰਧਾਨ ਮੰਤਰੀ ਨੇ ਗਰੀਬਾਂ ਤੇ ਔਰਤਾਂ ਲਈ ਐਲਾਨਾਂ ਦਾ ਦਿੱਤਾ ਸੰਕੇਤ

Saturday, Feb 01, 2025 - 02:50 AM (IST)

ਮੋਦੀ 3.0: ਉਮੀਦਾਂ ਦਾ ਬਜਟ ਅੱਜ; ਪ੍ਰਧਾਨ ਮੰਤਰੀ ਨੇ ਗਰੀਬਾਂ ਤੇ ਔਰਤਾਂ ਲਈ ਐਲਾਨਾਂ ਦਾ ਦਿੱਤਾ ਸੰਕੇਤ

ਨਵੀਂ ਦਿੱਲੀ (ਭਾਸ਼ਾ) - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ  ਸੰਸਦ ’ਚ ਆਮ ਬਜਟ ਪੇਸ਼ ਕਰਨ ਤੋਂ ਇਕ ਦਿਨ ਪਹਿਲਾਂ ਸ਼ੁੱਕਰਵਾਰ ਆਪਣੀ ਸਰਕਾਰ ਦਾ ਦ੍ਰਿਸ਼ਟੀਕੋਣ ਪੇਸ਼ ਕੀਤਾ, ਜਿਸ ਤੋਂ ਸੰਕੇਤ ਮਿਲਦਾ ਹੈ ਕਿ ਇਸ ਵਾਰ ਗਰੀਬਾਂ ਤੇ ਦਰਮਿਆਨੇ ਵਰਗ ਦੇ ਨਾਲ-ਨਾਲ ਔਰਤਾਂ ਲਈ ਨਵੀਆਂ ਪਹਿਲਕਦਮੀਆਂ ਦਾ ਐਲਾਨ ਕੀਤਾ ਜਾ ਸਕਦਾ ਹੈ।

ਸੰਸਦ ਦੇ ਬਜਟ ਸੈਸ਼ਨ ਦੇ ਪਹਿਲੇ ਦਿਨ ਮੋਦੀ ਨੇ ਮੀਡੀਆ ਨਾਲ ਆਪਣਾ ਰਵਾਇਤੀ ਸੰਬੋਧਨ ਧਨ ਅਤੇ ਖੁਸ਼ਹਾਲੀ ਨਾਲ ਜੁੜੀ ਦੇਵੀ ਲਕਸ਼ਮੀ ਨੂੰ ਪ੍ਰਣਾਮ ਕਰ ਕੇ ਸ਼ੁਰੂ ਕੀਤਾ। ਉਨ੍ਹਾਂ ਇਹ ਵੀ ਪ੍ਰਾਰਥਨਾ ਕੀਤੀ ਕਿ ਆਉਣ ਵਾਲੇ ਆਮ ਬਜਟ ’ਚ ਦੇਵੀ ਲਕਸ਼ਮੀ ਦੇਸ਼ ਦੇ ਸਭ ਗਰੀਬਾਂ ਅਤੇ ਮੱਧ ਵਰਗ ਦੇ ਲੋਕਾਂ ’ਤੇ ਆਪਣੀ ਵਿਸ਼ੇਸ਼ ਕ੍ਰਿਪਾ ਰੱਖੇ।

ਧਾਰਮਿਕ ਤੇ ਫਿਰਕੂ ਮਤਭੇਦਾਂ ਤੋਂ ਮੁਕਤ ਔਰਤਾਂ ਲਈ ਬਰਾਬਰ ਅਧਿਕਾਰ ਯਕੀਨੀ ਬਣਾਉਣ ਦੀ ਅਹਿਮੀਅਤ ’ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਬਜਟ ਸੈਸ਼ਨ ਦੌਰਾਨ ਇਸ ਸਬੰਧੀ ਅਹਿਮ ਫੈਸਲੇ ਲਏ ਜਾਣਗੇ। ਉਨ੍ਹਾਂ ਔਰਤਾਂ ਦੇ ਮਾਣ-ਸਨਮਾਨ ਨੂੰ ਸਥਾਪਿਤ ਕਰਨ ਦੀ ਅਹਿਮੀਅਤ ’ਤੇ ਜ਼ੋਰ ਦਿੱਤਾ ਜੋ ਸੱਤਾਧਾਰੀ ਭਾਜਪਾ ਦੇ ਭਲਾਈ ਉਪਾਵਾਂ ਦੇ ਕੇਂਦਰ ’ਚ ਹੈ।

ਨਵੀਨਤਾ, ਸਮਾਵੇਸ਼ ਤੇ ਨਿਵੇਸ਼ ਨੂੰ ਦੇਸ਼ ਦੀ ਆਰਥਿਕ ਸਰਗਰਮੀ ਦੇ ਰੋਡਮੈਪ ਦਾ ਆਧਾਰ ਦੱਸਦੇ ਹੋਏ ਮੋਦੀ ਨੇ ਕਿਹਾ ਕਿ ਹਮੇਸ਼ਾ ਵਾਂਗ ਇਸ ਸੈਸ਼ਨ ’ਚ ਕਈ ਇਤਿਹਾਸਕ ਬਿੱਲਾਂ ’ਤੇ ਚਰਚਾ ਕੀਤੀ ਜਾਵੇਗੀ। ਵਿਆਪਕ ਵਿਚਾਰ-ਵਟਾਂਦਰੇ ਨਾਲ ਉਹ ਕਾਨੂੰਨ ਬਣ ਜਾਣਗੇ ਤੇ ਦੇਸ਼ ਦੀ ਤਾਕਤ ਵਧੇਗੀ। 

ਉਨ੍ਹਾਂ ਕਿਹਾ ਕਿ ਨਾਰੀ ਸ਼ਕਤੀ ਦੇ ਮਾਣ ਨੂੰ ਮੁੜ ਸਥਾਪਿਤ ਕਰਨ ਲਈ ਇਸ ਸੈਸ਼ਨ ’ਚ ਕਈ ਅਹਿਮ ਫੈਸਲੇ ਲਏ ਜਾਣਗੇ। ਇਹ ਯਕੀਨੀ ਬਣਾਇਆ ਜਾਵੇਗਾ ਕਿ ਹਰ ਔਰਤ ਨੂੰ ਧਰਮ ਤੇ ਸੰਪਰਦਾ ਦੇ ਕਿਸੇ ਵੀ ਭੇਦਭਾਵ ਤੋਂ ਬਿਨਾਂ ਇਕ ਸਨਮਾਨਜਨਕ ਜੀਵਨ ਮਿਲੇ ਤੇ ਨਾਲ ਹੀ ਬਰਾਬਰ ਦੇ ਅਧਿਕਾਰ ਵੀ ਮਿਲਣ। 


author

Inder Prajapati

Content Editor

Related News