ਮੋਦੀ ਦੀ ਜਾਤ ''ਤੇ ਭਖੀ ਸਿਆਸਤ

04/29/2019 1:33:26 AM

ਨਵੀਂ ਦਿੱਲੀ, (ਏਜੰਸੀਆਂ)— ਚੌਥੇ ਪੜਾਅ ਦੀ ਪੋਲਿੰਗ ਦੇ ਨੇੜੇ ਆਉਂਦਿਆਂ ਹੀ ਲੋਕ ਸਭਾ ਦੀਆਂ ਚੋਣਾਂ ਜਾਤ 'ਤੇ ਆ ਕੇ ਕੇਂਦਰਿਤ ਹੋ ਗਈਆਂ ਹਨ। ਸਭ ਪਾਰਟੀਆਂ ਦੇ ਆਗੂਆਂ ਵਿਚ ਕਿਤੇ ਆਪਣੇ ਆਪ ਨੂੰ ਧਰਮ ਨਿਰਪੱਖ, ਕਿਤੇ ਦਲਿਤ, ਕਿਤੇ ਪੱਛੜਾ ਅਤੇ ਕਿਤੇ ਅਤਿ ਪੱਛੜਾ ਸਿੱਧ ਕਰਨ ਦੀ ਦੌੜ ਲੱਗੀ ਹੋਈ ਹੈ।
ਇਸੇ ਲੜੀ ਅਧੀਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਜਾਤ-ਪਾਤ ਦੀ ਇਸ ਸਿਆਸਤ ਵਿਚ ਸ਼ਾਮਲ ਹੋ ਗਏ ਹਨ। ਕਨੌਜ ਦੀ ਰੈਲੀ ਵਿਚ ਮੋਦੀ ਨੇ ਖੁਦ ਨੂੰ ਪੱਛੜਾ ਨਹੀਂ ਸਗੋਂ ਅਤਿ ਪੱਛੜਾ ਵਰਗ ਵਿਚੋਂ ਦੱਸਿਆ ਸੀ। ਉਸ ਪਿੱਛੋਂ ਵਿਰੋਧੀ ਧਿਰ ਨੇ ਮੋਦੀ ਨੂੰ ਘੇਰ ਲਿਆ। ਮੋਦੀ ਨੇ ਇਹ ਵੀ ਕਿਹਾ ਸੀ ਕਿ ਮੈਂ ਜਾਤ ਦੀ ਸਿਆਸਤ ਨਹੀਂ ਕਰਦਾ ਪਰ ਮੈਂ ਪੱਛੜਾ ਨਹੀਂ ਸਗੋਂ ਅਤਿ ਪੱਛੜਾ ਹਾਂ ਅਤੇ ਦੇਸ਼ ਨੂੰ ਅਗੜਾ ਬਣਾਉਣਾ ਚਾਹੁੰਦਾ ਹਾਂ।

ਜਾਤ ਦੀ ਜੰਗ 'ਚ ਪ੍ਰਿਯੰਕਾ ਦੀ ਵੀ ਐਂਟਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਖੁਦ ਨੂੰ ਅਤਿ ਪੱਛੜਾ ਕਹਿਣ ਪਿੱਛੋਂ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਵੀ ਪ੍ਰਧਾਨ ਮੰਤਰੀ 'ਤੇ ਹਮਲਾ ਬੋਲਿਆ ਹੈ। ਪ੍ਰਿਯੰਕਾ ਨੇ ਐਤਵਾਰ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਮੋਦੀ ਦੀ ਜਾਤ ਕੀ ਹੈ। ਮੇਰੇ ਮੁਤਾਬਕ ਵਿਰੋਧੀ ਧਿਰ ਨੇ ਕਦੇ ਇਸ ਢੰਗ ਨਾਲ ਗੱਲਬਾਤ ਨਹੀਂ ਕੀਤੀ। ਅਮੇਠੀ ਆਈ ਪ੍ਰਿਯੰਕਾ ਨੇ ਰਾਸ਼ਟਰਵਾਦ ਨੂੰ ਲੈ ਕੇ ਭਾਜਪਾ 'ਤੇ ਹਮਲਾ ਬੋਲਿਆ। ਪ੍ਰਿਯੰਕਾ ਨੇ ਭਾਜਪਾ ਦੇ ਰਾਸ਼ਟਰਵਾਦ 'ਤੇ ਸਵਾਲ ਉਠਾਉਂਦਿਆਂ ਕਿਹਾ ਕਿ ਭਾਜਪਾ ਉਮੀਦਵਾਰਾਂ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਤੇ ਵੋਟ ਮੰਗਣੀ ਆਖਿਰ ਕਿਸ ਤਰ੍ਹਾਂ ਦਾ ਰਾਸ਼ਟਰਵਾਦ ਹੈ? ਇਸ ਦਾ ਕੀ ਮਤਲਬ ਹੈ।

ਮੋਦੀ ਪੱਛੜੀ ਨਹੀਂ ਅਗੜੀ ਜਾਤ ਦੇ : ਮਾਇਆਵਤੀ
ਬਸਪਾ ਮੁਖੀ ਮਾਇਆਵਤੀ ਨੇ ਮੋਦੀ 'ਤੇ ਹਮਲਾ ਬੋਲਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗੜਾ ਜਾਤ ਦੇ ਹਨ ਪਰ ਗੁਜਰਾਤ ਵਿਚ ਆਪਣੀ ਸਰਕਾਰ ਦੌਰਾਨ ਆਪਣੀ ਜਾਤ ਨੂੰ ਉਨ੍ਹਾਂ ਪੱਛੜਾ ਜਾਤੀ ਵਿਚ ਸ਼ਾਮਲ ਕਰਵਾ ਲਿਆ ਸੀ। ਪ੍ਰਧਾਨ ਮੰਤਰੀ ਅਜਿਹੀ ਬਿਆਨਬਾਜ਼ੀ ਲੋਕਾਂ ਨੂੰ ਗੁੰਮਰਾਹ ਕਰਨ ਲਈ ਕਰ ਰਹੇ ਹਨ।

ਮੋਦੀ ਨੇ ਪਹਿਲਾਂ ਆਪਣੀ ਜਾਤ ਦੱਸੀ ਅਤੇ ਖੁਦ ਨੂੰ ਓ. ਬੀ. ਸੀ. ਕਿਹਾ ਪਰ ਹੁਣ ਪਲਟ ਗਏ। 2014 ਵਿਚ ਮੋਦੀ ਨੇ ਖੁਦ ਨੂੰ ਚਾਹ ਵਾਲਾ ਦੱਸਿਆ ਸੀ ਪਰ ਉਹ ਹੁਣ ਉਸ ਗੱਲ ਤੋਂ ਵੀ ਪਲਟ ਗਏ ਹਨ।
-ਪੀ. ਚਿਦਾਂਬਰਮ, ਸੀਨੀਅਰ ਕਾਂਗਰਸੀ ਨੇਤਾ


KamalJeet Singh

Content Editor

Related News