ਮੋਦੀ ਨੇ ਜਰਮਨ ਚਾਂਸਲਰ ਮਰਕੇਲ ਨਾਲ ਮੁਲਾਕਾਤ ਕਰ ਕੇ ਗਲੋਬਲ ਮੁੱਦਿਆਂ ''ਤੇ ਕੀਤੀ ਚਰਚਾ
Saturday, Apr 21, 2018 - 11:31 AM (IST)

ਬਰਲਿਨ(ਬਿਊਰੋ)— ਜਰਮਨ ਦੀ ਚਾਂਸਲਰ ਅੰਜੇਲਾ ਮਰਕੇਲ ਨਾਲ ਬੈਠਕ ਨੂੰ 'ਬਿਹਤਰੀਨ' ਦੱਸਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਉਨ੍ਹਾਂ ਨਾਲ ਦੋ-ਪੱਖੀ ਸਹਿਯੋਗ ਅਤੇ ਹੋਰ ਗਲੋਬਲ ਮੁੱਦਿਆਂ 'ਤੇ ਚਰਚਾ ਹੋਈ। ਮੋਦੀ ਬ੍ਰਿਟੇਨ ਦੀ ਯਾਤਰਾ ਸਮਾਪਤ ਕਰਨ ਤੋਂ ਬਾਅਦ ਜਰਮਨੀ ਦੀ ਯਾਤਰਾ 'ਤੇ ਬਰਲਿਨ ਪੁੱਜੇ। ਪੀ. ਐਮ ਨੇ ਬ੍ਰਿਟੇਨ ਵਿਚ ਰਾਸ਼ਟਰਮੰਡਲ ਦੇਸ਼ਾਂ ਦੇ ਮੁਖੀਆਂ (ਚੋਗਮ) ਦੀ ਬੈਠਕ ਤੋਂ ਇਲਾਵਾ ਦੁਨੀਆ ਦੇ ਦੂਜੇ ਨੇਤਾਵਾਂ ਨਾਲ ਦੋ-ਪੱਖੀ ਬੈਠਕਾਂ ਵਿਚ ਹਿੱਸਾ ਲਿਆ ਸੀ। ਮੋਦੀ ਦੇ 3 ਦੇਸ਼ਾਂ ਦੇ ਦੌਰੇ ਦਾ ਇਹ ਤੀਜਾ ਅਤੇ ਆਖਰੀ ਪੜਾਅ ਹੈ। ਜਰਮਨੀ ਤੋਂ ਪਹਿਲਾਂ ਉਹ ਬ੍ਰਿਟੇਨ ਅਤੇ ਸਵੀਡਨ ਗਏ ਸਨ।
ਮੋਦੀ ਨੇ ਟਵੀਟ ਕੀਤਾ, 'ਚਾਂਸਲਰ ਅੰਜੇਲਾ ਮਰਕੇਲ ਨਾਲ ਬੈਠਕ ਬਿਹਤਰੀਨ ਰਹੀ। ਅਸੀਂ ਭਾਰਤ-ਜਰਮਨੀ ਸਹਿਯੋਗ ਦੇ ਨਾਲ-ਨਾਲ ਗਲੋਬਲ ਮੁੱਦਿਆਂ ਨਾਲ ਸਬੰਧਤ ਕਈ ਮਾਮਲਿਆਂ 'ਤੇ ਚਰਚਾ ਕੀਤੀ।' ਦੋਵਾਂ ਦੇਸ਼ਾਂ ਨੇ ਰਣਨੀਤਕ ਸਾਂਝੇਦਾਰੀ ਨੂੰ ਹੋਰ ਮਜਬੂਤ ਬਣਾਉਣ ਦੇ ਤਰੀਕਿਆਂ 'ਤੇ ਚਰਚਾ ਕੀਤੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵੀਟ ਕੀਤਾ, 'ਦੋਸਤੀ ਨੂੰ ਹੋਰ ਮਜ਼ਬੂਤ ਕਰਦੇ ਹੋਏ ਜਰਮਨ ਚਾਂਸਲਰ ਅੰਜੇਲਾ ਮਰਕੇਲ ਨੇ ਦੋ-ਪੱਖੀ ਬੈਠਕ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ।' ਭਾਰਤੀ ਅਧਿਕਾਰੀਆਂ ਮੁਤਾਬਕ ਯਾਤਰਾ ਉਚ ਪੱਧਰੀ ਆਦਾਨ-ਪ੍ਰਦਾਨ ਦੀ ਗਤੀ ਨੂੰ ਬਣਾਈ ਰੱਖਣ ਲਈ ਦੋਵਾਂ ਦੇਸ਼ਾਂ ਦੀ ਵਚਨਬੱਧਤਾ ਦਰਸਾਉਂਦੀ ਹੈ। ਯੂਰਪੀ ਯੂਨੀਅਨ ਬਲਾਕ ਵਿਚ ਜਰਮਨੀ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਭਾਗੀਦਾਰ ਹੈ। ਦੱਸਣਯੋਗ ਹੈ ਕਿ ਪਿਛਲੇ ਮਹੀਨੇ ਜਰਮਨੀ ਦੇ ਰਾਸ਼ਟਰਪਤੀ ਫ੍ਰੈਂਕ ਵਾਲਟਰ ਸਟੇਨਮਿਅਰ ਭਾਰਤ ਆਏ ਸਨ।