ਮੌਬ ਲਿੰਚਿੰਗ ''ਤੇ ਬੋਲੇ ਭਾਗਵਤ- ਕਿੰਨਾ ਵੀ ਮਤਭੇਦ ਹੋਵੇ, ਕਾਨੂੰਨ ਦੀ ਮਰਿਆਦਾ ''ਚ ਰਹੋ
Tuesday, Oct 08, 2019 - 10:41 AM (IST)

ਨਾਗਪੁਰ— ਰਾਸ਼ਟਰੀ ਸੋਇਮ ਸੇਵਕ ਸੰਘ (ਆਰ.ਐੱਸ.ਐੱਸ.) ਦੁਸਹਿਰੇ ਮੌਕੇ ਮੰਗਲਵਾਰ ਨੂੰ ਆਪਣਾ ਸਥਾਪਨਾ ਦਿਵਸ ਮਨ੍ਹਾ ਰਿਹਾ ਹੈ। ਇਸ ਮੌਕੇ ਆਰ.ਐੱਸ.ਐੱਸ. ਮੁਖੀ ਮੋਹਨ ਭਾਗਵਤ ਨੇ ਨਾਗਪੁਰ ਸਥਿਤ ਸੰਘ ਹੈੱਡ ਕੁਆਰਟਰ 'ਚ ਸ਼ਸਤਰ (ਹਥਿਆਰ) ਪੂਜਾ ਕੀਤੀ। ਇਸ ਦੌਰਾਨ ਸੋਇਮ ਸੇਵਕਾਂ ਨੂੰ ਸੰਬੋਧਨ ਕਰਦੇ ਹੋਏ ਆਰ.ਐੱਸ.ਐੱਸ. ਮੁਖੀ ਮੋਹਨ ਭਾਗਵਤ ਨੇ ਮੌਬ ਲਿੰਚਿੰਗ (ਭੀੜ ਵਲੋਂ ਕੁੱਟ-ਕੁੱਟ ਕੇ ਹੱਤਿਆ) ਦੀਆਂ ਘਟਨਾਵਾਂ ਦਾ ਜ਼ਿਕਰ ਕੀਤਾ। ਭਾਗਵਤ ਨੇ ਕਿਹਾ ਕਿ ਲਿੰਚਿੰਗ ਵਰਗੀਆਂ ਘਟਨਾਵਾਂ ਨਾਲ ਸੰਘ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਮੌਬ ਲਿੰਚਿੰਗ ਦੀਆਂ ਘਟਨਾਵਾਂ 'ਤੇ ਭਾਗਵਤ ਨੇ ਕਿਹਾ,''ਅਜਿਹੀਆਂ ਘਟਨਾਵਾਂ ਨੂੰ ਰੋਕਣਾ ਹਰ ਕਿਸੇ ਦੀ ਜ਼ਿੰਮੇਵਾਰੀ ਹੈ। ਕਾਨੂੰਨ ਵਿਵਸਥਾ ਦੀ ਸੀਮਾ ਦੀ ਉਲੰਘਣਾ ਕਰ ਕੇ ਹਿੰਸਾ ਦਾ ਰੁਝਾਨ ਸਮਾਜ ਵਿਚ ਆਪਸੀ ਸੰਬੰਧਾਂ ਨੂੰ ਨਸ਼ਟ ਕਰ ਕੇ ਆਪਣਾ ਪ੍ਰਤਾਪ ਦਿਖਾਉਂਦਾ ਹੈ। ਇਹ ਰੁਝਾਨ ਸਾਡੇ ਦੇਸ਼ ਦੀ ਪਰੰਪਰਾ ਨਹੀਂ ਹੈ, ਨਾ ਹੀ ਸਾਡੇ ਸੰਵਿਧਾਨ 'ਚ ਇਹ ਹੈ। ਕਿੰਨਾ ਵੀ ਮਤਭੇਦ ਹੋਵੇ, ਕਾਨੂੰਨ ਅਤੇ ਸੰਵਿਧਾਨ ਦੀ ਮਰਿਆਦਾ 'ਚ ਰਹੋ। ਨਿਆਂ ਵਿਵਸਥਾ 'ਚ ਚੱਲਣਾ ਪਵੇਗਾ।
ਧਾਰਾ-370 'ਤੇ ਕੀਤੀ ਮੋਦੀ ਸਰਕਾਰ ਦੀ ਤਾਰੀਫ਼
ਪ੍ਰੋਗਰਾਮ 'ਚ ਭਾਗਵਤ ਨੇ ਮੋਦੀ ਸਰਕਾਰ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਬਹੁਤ ਦਿਨਾਂ ਬਾਅਦ ਦੇਸ਼ 'ਚ ਕੁਝ ਚੰਗਾ ਹੋ ਰਿਹਾ ਹੈ। ਦੇਸ਼ ਦੀ ਸੁਰੱਖਿਆ ਪਹਿਲਾਂ ਨਾਲੋਂ ਵਧ ਵਧੀ ਹੈ। ਉੱਥੇ ਹੀ ਜੰਮੂ-ਕਸ਼ਮੀਰ ਦਾ ਜ਼ਿਕਰ ਕਰਦੇ ਹੋਏ ਭਾਗਵਤ ਨੇ ਕਿਹਾ,''ਜੰਮੂ-ਕਸ਼ਮੀਰ 'ਚ ਸੰਵਿਧਾਨ ਦੀ ਧਾਰਾ-370 ਨੂੰ ਹਟਾ ਕੇ ਮੋਦੀ ਸਰਕਾਰ ਨੇ ਸਾਬਤ ਕੀਤਾ ਕਿ ਉਹ ਇਸ ਤਰ੍ਹਾਂ ਦੇ ਫੈਸਲੇ ਲੈਣ 'ਚ ਸਮਰੱਥ ਹੈ। ਉਨ੍ਹਾਂ ਨੇ ਕਿਹਾ ਕਿ ਸਾਡਾ ਦੇਸ਼ ਪਹਿਲਾਂ ਤੋਂ ਵਧ ਸੁਰੱਖਿਅਤ ਹੈ। ਜੰਮੂ-ਕਸ਼ਮੀਰ ਤੋਂ ਧਾਰਾ-370 ਹਟਾਉਣਾ ਵੱਡਾ ਕਦਮ ਹੈ। ਚੰਦਰਯਾਨ-2 ਨੇ ਵਿਸ਼ਵ 'ਚ ਭਾਰਤ ਦਾ ਮਾਨ ਵਧਾਇਆ ਹੈ।
ਆਰਥਿਕ ਹਾਲਤ 'ਤੇ ਕੀਤੀ ਗੱਲ
ਭਾਗਵਤ ਨੇ ਇਸ ਵਿਚ ਦੇਸ਼ ਦੀ ਮੌਜੂਦਾ ਆਰਥਿਕ ਹਾਲਤ 'ਤੇ ਵੀ ਗੱਲ ਕੀਤੀ। ਉਨ੍ਹਾਂ ਨੇ ਦੱਸਿਆ,''ਮੇਰੇ ਇਕ ਦੋਸਤ ਅਰਥ ਸ਼ਾਸਤਰ ਦੇ ਜਾਣਕਾਰ ਹਨ। ਉਨ੍ਹਾਂ ਨੇ ਕਿਹਾ ਕਿ ਮੰਦੀ ਦਾ ਦੌਰ ਉਸ ਨੂੰ ਕਹਿੰਦੇ ਹਨ, ਜਦੋਂ ਤੁਹਾਡੀ ਵਿਕਾਸ ਦਰ ਜ਼ੀਰੋ ਹੋ ਜਾਵੇ ਪਰ ਸਾਡੀ ਜੀ.ਡੀ.ਪੀ. ਦਰ ਤਾਂ 5 ਫੀਸਦੀ ਹੈ। ਸਾਨੂੰ ਹਾਲੇ ਕੀ ਫਿਕਰ ਹੈ। ਸਾਨੂੰ ਜੀ.ਡੀ.ਪੀ. 'ਤੇ ਚਰਚਾ ਤਾਂ ਕਰਨੀ ਚਾਹੀਦੀ ਹੈ ਪਰ ਚਿੰਤਾ ਨਹੀਂ। ਸਰਕਾਰ ਇਸ ਦੌਰ ਤੋਂ ਉਭਰਨ ਲਈ ਕਈ ਕੋਸ਼ਿਸ਼ਾਂ ਕਰ ਰਹੀ ਹੈ।
1925 'ਚ ਹੋਈ ਸੀ ਆਰ.ਐੱਸ.ਐੱਸ. ਦੀ ਸਥਾਪਨਾ
ਜ਼ਿਕਰਯੋਗ ਹੈ ਕਿ 1925 'ਚ ਦੁਸਹਿਰੇ ਦੇ ਦਿਨ ਹੀ ਆਰ.ਐੱਸ.ਐੱਸ. ਦੀ ਸਥਾਪਨਾ ਹੋਈ ਸੀ। ਸਥਾਪਨਾ ਦਿਵਸ 'ਤੇ ਸੰਘ ਆਪਣਾ ਇੰਟਰਨੈੱਟ ਆਧਾਰਤ ਰੇਡੀਓ ਚੈਨਲ ਵੀ ਲੈ ਕੇ ਆਇਆ ਹੈ, ਜਿਸ 'ਤੇ ਪ੍ਰੋਗਰਾਮ 'ਚ ਭਾਗਵਤ ਦੇ ਸੰਬੋਧਨ 'ਤੇ ਪ੍ਰਸਾਰਨ ਕੀਤਾ ਜਾਵੇਗਾ। ਇਸ ਸਾਲਾਨਾ ਸਮਾਰੋਹ 'ਚ ਐੱਚ.ਸੀ.ਐੱਲ. ਦੇ ਸੰਸਥਾਪਕ ਸ਼ਿਵ ਨਾਦਰ ਮੁੱਖ ਮਹਿਮਾਨ ਹਨ। ਉੱਥੇ ਹੀ ਕੇਂਦਰੀ ਮੰਤਰੀ ਨਿਤਿਨ ਗਡਕਰੀ, ਜਨਰਲ (ਰਿਟਾਇਰਡ) ਵੀ.ਕੇ. ਸਿੰਘ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਵੀ ਇਸ ਸਮਾਰੋਹ 'ਚ ਮੌਜੂਦ ਰਹੇ।