ਮਮਤਾ ਬੈਨਰਜੀ ਨੂੰ ਲੱਗਾ ਤਗੜਾ ਝਟਕਾ, ਵਿਧਾਇਕ ਦੇਬਾਸ਼੍ਰੀ ਰਾਏ ਨੇ ਛੱਡੀ ਤ੍ਰਿਣਮੂਲ ਕਾਂਗਰਸ
Monday, Mar 15, 2021 - 04:42 PM (IST)
ਕੋਲਕਾਤਾ (ਭਾਸ਼ਾ)— ਮੰਨੀ-ਪ੍ਰਮੰਨੀ ਅਭਿਨੇਤਰੀ ਅਤੇ ਤ੍ਰਿਣਮੂਲ ਕਾਂਗਰਸ ਤੋਂ ਦੋ ਵਾਰ ਵਿਧਾਇਕ ਦੇਬਾਸ਼੍ਰੀ ਰਾਏ ਨੇ ਆਗਾਮੀ ਵਿਧਾਨ ਸਭਾ ਚੋਣਾਂ ’ਚ ਟਿਕਟ ਨਾ ਦਿੱਤੇ ਜਾਣ ਤੋਂ ਬਾਅਦ ਸੋਮਵਾਰ ਨੂੰ ਪਾਰਟੀ ਛੱਡ ਦਿੱਤੀ। ਰਾਏਦਿਘੀ ਤੋਂ ਵਿਧਾਇਕ ਰਾਏ ਨੇ ਤਿ੍ਰਣਮੂਲ ਕਾਂਗਰਸ ਦੇ ਪ੍ਰਦੇਸ਼ ਮੁਖੀ ਸੁਬਰਤ ਬਕਸ਼ੀ ਨੂੰ ਲਿਖੀ ਚਿੱਠੀ ਵਿਚ ਕਿਹਾ ਕਿ ਉਹ ਹੁਣ ਪਾਰਟੀ ਨਾਲ ਜੁੜੀ ਨਹੀਂ ਰਹੇਗੀ। ਉਨ੍ਹਾਂ ਨੇ ਕਿਹਾ ਕਿ ਪਾਰਟੀ ਵਿਚ ਮੇਰੇ ਕੋਲ ਕੋਈ ਅਹੁਦਾ ਨਹੀਂ ਹੈ ਪਰ ਮੈਨੂੰ ਚਿੱਠੀ ਲਿਖ ਕੇ ਲੀਡਰਸ਼ਿਪ ਨੂੰ ਇਹ ਸੂਚਿਤ ਕਰਨਾ ਜ਼ਰੂਰੀ ਲੱਗਾ ਕਿ ਮੈਂ ਹੁਣ ਤ੍ਰਿਣਮੂਲ ਨਾਲ ਜੁੜੀ ਨਹੀਂ ਰਹਿਣਾ ਚਾਹੁੰਦੀ।
ਭਵਿੱਖ ਦੀਆਂ ਯੋਜਨਾਵਾਂ ਬਾਰੇ ਪੁੱਛੇ ਜਾਣ ’ਤੇ ਰਾਏ ਨੇ ਕਿਹਾ ਕਿ ਉਹ ਅਭਿਨੈ ’ਤੇ ਧਿਆਨ ਕੇਂਦਰਿਤ ਕਰੇਗੀ ਪਰ ਉਨ੍ਹਾਂ ਨੇ ਕੋਈ ਚੰਗੀ ਤਜਵੀਜ਼ ਆਉਣ ’ਤੇ ਕਿਸੇ ਹੋਰ ਪਾਰਟੀ ਵਿਚ ਸ਼ਾਮਲ ਹੋਣ ਦਾ ਬਦਲ ਖੁੱਲ੍ਹਾ ਰੱਖਿਆ ਹੈ। ਰਾਏ 2019 ਵਿਚ ਭਾਜਪਾ ਵਿਚ ਸ਼ਾਮਲ ਹੋਣ ਵਾਲੀ ਸੀ ਪਰ ਤ੍ਰਿਣਮੂਲ ਤੋਂ ਭਾਜਪਾ ਵਿਚ ਸ਼ਾਮਲ ਹੋਏ ਸੋਵਨ ਚੈਟਰਜੀ ਅਤੇ ਉਨ੍ਹਾਂ ਦੇ ਦੋਸਤ ਵੈਸਾਖੀ ਬੰਦੋਪਾਧਿਆਏ ਨੇ ਭਗਵਾ ਦਲ ਵਿਚ ਉਨ੍ਹਾਂ ਨੂੰ ਸ਼ਾਮਲ ਕੀਤੇ ਜਾਣ ਦਾ ਵਿਰੋਧ ਕੀਤਾ ਸੀ, ਜਿਸ ਤੋਂ ਬਾਅਦ ਉਹ ਪਾਰਟੀ ਵਿਚ ਸ਼ਾਮਲ ਨਹੀਂ ਹੋ ਸਕੀ। ਓਧਰ ਚੈਟਰਜੀ ਨੇ ਚੋਣ ਵਿਚ ਟਿਕਟ ਨਾ ਮਿਲਣ ’ਤੇ ਐਤਵਾਰ ਨੂੰ ਭਾਜਪਾ ਤੋਂ ਅਸਤੀਫ਼ਾ ਦੇ ਦਿੱਤਾ ਸੀ।