2 ਦਿਨਾਂ ਤੋਂ ਲਾਪਤਾ ਸੀ ਮਾਸੂਮ, ਗੁਆਂਢੀ ਘਰੋਂ ਬੈਗ ''ਚ ਮਿਲੀ ਲਾਸ਼
Monday, Apr 10, 2023 - 03:46 PM (IST)

ਨੋਇਡਾ (ਭਾਸ਼ਾ)- ਗ੍ਰੇਟਰ ਨੋਇਡਾ 'ਚ 7 ਅਪ੍ਰੈਲ ਤੋਂ ਲਾਪਤਾ 2 ਸਾਲਾ ਬੱਚੀ ਦੀ ਲਾਸ਼ ਉਸ ਦੇ ਗੁਆਂਢੀ ਦੇ ਘਰ ਇਕ ਬੈਗ 'ਚ ਮਿਲੀ। ਪੁਲਸ ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਬੱਚੀ 7 ਅਪ੍ਰੈਲ ਨੂੰ ਸੂਰਜਪੁਰ ਥਾਣਾ ਖੇਤਰ ਦੇ ਦੇਵਲਾ ਪਿੰਡ 'ਚ ਕਿਰਾਏ ਦੇ ਮਕਾਨ ਤੋਂ ਲਾਪਤਾ ਹੋ ਗਈ ਸੀ ਅਤੇ 2 ਦਿਨ ਬਾਅਦ ਗੁਆਂਢੀ ਦੇ ਘਰ ਉਸ ਦੀ ਲਾਸ਼ ਮਿਲੀ। ਪੁਲਸ ਨੇ ਬੱਚੀ ਦੇ ਪਿਤਾ ਵਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਹਵਾਲੇ ਤੋਂ ਦੱਸਿਆ ਕਿ ਉਹ ਕੰਮ ਲਈ ਬਾਹਰ ਗਏ ਸਨ ਅਤੇ ਦੁਪਹਿਰ 2 ਵਜੇ ਦੇ ਕਰੀਬ ਉਸ ਦੀ ਪਤਨੀ ਬਾਜ਼ਾਰ ਜਾਣ ਲਈ ਇਮਾਰਤ ਤੋਂ ਬਾਹਰ ਨਿਕਲੀ ਸੀ। ਸ਼ਿਕਾਇਤ 'ਚ ਬੱਚੀ ਦੇ ਪਿਤਾ ਨੇ ਦੱਸਿਆ,''ਜਦੋਂ ਉਸ ਦੀ ਪਤਨੀ ਘਰ ਆਈ ਤਾਂ ਸਾਡੀ 2 ਸਾਲ ਦੀ ਧੀ ਗਾਇਬ ਸੀ।'' ਐਡੀਸ਼ਨਲ ਪੁਲਸ ਡਿਪਟੀ ਕਮਿਸ਼ਨਰ ਰਾਜੀਵ ਦੀਕਸ਼ਤ ਨੇ ਦੱਸਿਆ ਕਿ ਕੁੜੀ ਦੇ ਪਿਤਾ ਨੇ 8 ਅਪ੍ਰੈਲ ਨੂੰ ਸੂਰਜਪੁਰ ਥਾਣੇ 'ਚ ਆਪਣੀ ਧੀ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤ ਦੇ ਆਧਾਰ 'ਤੇ ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀ ਧਾਰਾ 363 ਦੇ ਅਧੀਨ ਐੱਫ.ਆਈ.ਆਰ. ਦਰਜ ਕੀਤੀ ਗਈ ਅਤੇ ਬੱਚੀ ਦੀ ਭਾਲ ਲਈ ਤਿੰਨ ਟੀਮਾਂ ਦਾ ਗਠਨ ਕੀਤਾ ਗਿਆ।
ਇਹ ਵੀ ਪੜ੍ਹੋ : ਸ਼ਖਸ ਨੇ ਪਤਨੀ ਦਾ ਗਲ਼ਾ ਘੁੱਟ ਕੀਤਾ ਕਤਲ, ਫਿਰ ਲਾਸ਼ ਦੇ ਕੀਤੇ ਟੁਕੜੇ
ਉਨ੍ਹਾਂ ਦੱਸਿਆ,''ਐਤਵਾਰ ਨੂੰ ਪੁਲਸ ਨੂੰ ਉਸੇ ਇਮਾਰਤ ਦੇ ਇਕ ਘਰ 'ਚੋਂ ਬੱਦਬੂ ਆਉਣ ਦੀ ਸੂਚਨਾ ਮਿਲੀ। ਜਦੋਂ ਪੁਲਸ ਅਤੇ ਫੋਰੈਂਸਿਕ ਟੀਮ ਉੱਥੇ ਪਹੁੰਚੀ ਤਾਂ ਬੈਗ 'ਚ ਬੱਚੀ ਦੀ ਲਾਸ਼ ਮਿਲੀ।'' ਪੁਲਸ ਅਧਿਕਾਰੀ ਨੇ ਦੱਸਿਆ ਕਿ ਜਿਸ ਵਿਅਕਤੀ ਦੇ ਘਰੋਂ ਕੁੜੀ ਦੀ ਲਾਸ਼ ਮਿਲੀ ਹੈ, ਉਹ ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲ੍ਹੇ ਦਾ ਮੂਲ ਵਾਸੀ ਹੈ ਅਤੇ ਫਿਲਹਾਲ ਫਰਾਰ ਹੈ। ਸਹਾਇਕ ਪੁਲਸ ਕਮਿਸ਼ਨਰ ਸੁਮਿਤ ਸ਼ੁਕਲਾ ਨੇ ਸੋਮਵਾਰ ਨੂੰ ਦੱਸਿਆ ਕਿ ਪੋਸਟਮਾਰਟਮ ਅਨੁਸਾਰ, ਬੱਚੀ ਦਾ ਗਲ਼ਾ ਘੁੱਟ ਕੇ ਕਤਲ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਸ਼ੱਕੀ ਦੋਸ਼ੀ ਅਤੇ ਬੱਚੀ ਦਾ ਪਿਤਾ ਦਿਹਾੜੀ ਮਜ਼ਦੂਰ ਹਨ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ