ਦਸਤਾਵੇਜ਼ਾਂ 'ਚ ਮ੍ਰਿਤਕ ਐਲਾਨਿਆ ਲਾਪਤਾ ਪੁਲਸ ਹੋਮਗਾਰਡ 28 ਸਾਲ ਬਾਅਦ ਮਿਲਿਆ

Monday, Jun 28, 2021 - 01:06 PM (IST)

ਦਸਤਾਵੇਜ਼ਾਂ 'ਚ ਮ੍ਰਿਤਕ ਐਲਾਨਿਆ ਲਾਪਤਾ ਪੁਲਸ ਹੋਮਗਾਰਡ 28 ਸਾਲ ਬਾਅਦ ਮਿਲਿਆ

ਯਮੁਨਾਨਗਰ- ਉੱਤਰ ਪ੍ਰਦੇਸ਼ (ਯੂ.ਪੀ.) ਦਾ ਇਕ ਸਾਬਕਾ ਪੁਲਸ ਹੋਮਗਾਰਡ ਰੋਹਿਤ (60) 28 ਸਾਲ ਪਹਿਲਾਂ ਲਾਪਤਾ ਹੋ ਗਿਆ ਸੀ। ਕਾਫ਼ੀ ਭਾਲ ਦੇ ਬਾਵਜੂਦ ਵੀ ਰੋਹਿਤ ਨਹੀਂ ਮਿਲਿਆ ਤਾਂ ਪਰਿਵਾਰ ਨੇ ਉਸ ਨੂੰ ਮ੍ਰਿਤਕ ਮੰਨ ਲਿਆ। ਸਰਕਾਰੀ ਦਸਤਾਵੇਜ਼ਾਂ 'ਚ ਵੀ ਰੋਹਿਤ ਨੂੰ ਮਰਿਆ ਹੋਇਆ ਮੰਨ ਲਿਆ ਗਿਆ। ਹਾਲਾਂਕਿ 28 ਸਾਲਾਂ ਬਾਅਦ ਹੁਣ ਰੋਹਿਤ ਦਾ ਪਤਾ ਲੱਗਾ ਤਾਂ ਸਾਰੇ ਹੈਰਾਨ ਹਨ। ਰੋਹਿਤ 25 ਅਪ੍ਰੈਲ ਨੂੰ ਯਮੁਨਾਨਗਰ ਜ਼ਿਲ੍ਹੇ ਦੇ ਮਗਹਰਪੁਰ ਪਿੰਡ ਦੇ 'ਨਿਆਸਰੇ ਦਾ ਆਸਰਾ' ਰੈਣ ਬਸੇਰੇ 'ਚ ਰਹਿ ਰਿਹਾ ਸੀ। ਇਕ ਅਧਿਕਾਰੀ ਨੇ ਕਿਹਾ ਕਿ ਰੋਹਿਤ ਨੂੰ ਆਪਣੇ ਬਾਰੇ ਕੁਝ ਯਾਦ ਨਹੀਂ ਸੀ। ਹਰਿਆਣਾ ਪੁਲਸ ਦੀ ਅਪਰਾਧ ਸ਼ਾਖਾ, ਪੰਚਕੂਲਾ ਦੇ ਮਨੁੱਖੀ ਤਸਕਰੀ ਵਿਰੋਧੀ ਸੈੱਲ 'ਚ ਤਾਇਨਾਤ ਸਹਾਇਕ ਸਬ ਇੰਸਪੈਕਟਰ (ਏ.ਐੱਸ.ਆਈ.) ਰਾਕੇਸ਼ ਕੁਮਾਰ ਦੀਆਂ ਕੋਸ਼ਿਸ਼ਾਂ ਨਾਲ ਰੋਹਿਤ ਦੇ ਪਰਿਵਾਰ ਦਾ ਪਤਾ ਲਗਾਇਆ ਗਿਆ ਹੈ।

ਵੀਡੀਓ ਕਾਲ ਤੋਂ ਬਾਅਦ ਰੋਹਿਤ ਦਾ ਪੁੱਤਰ ਅਮਰਨਾਥ ਅਤੇ ਪੋਤਾ ਉਸ ਨੂੰ ਵਾਪਸ ਲੈਣ ਮਗਹਰਪੁਰ ਪਿੰਡ ਪਹੁੰਚੇ। ਉਨ੍ਹਾਂ ਕਿਹਾ,''ਅਸੀਂ ਉਨ੍ਹਾਂ ਨੂੰ ਕਈ ਸਾਲਾਂ ਤੱਕ ਲੱਭਿਆ। ਉਮੀਦ ਖ਼ਤਮ ਹੋਣ ਤੋਂ ਬਾਅਦ, ਅਸੀਂ ਸੋਚਿਆ ਕਿ ਉਹ ਹੁਣ ਜਿਉਂਦੇ ਨਹੀਂ ਹਨ ਅਤੇ ਅੰਤਿਮ ਸੰਸਕਾਰ ਵੀ ਕਰ ਦਿੱਤਾ। ਰਿਕਾਰਡ 'ਚ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ।'' ਅਮਰਨਾਥ ਨੇ ਕਿਹਾ,''ਸਾਨੂੰ ਏ.ਐੱਸ.ਆਈ. ਰਾਕੇਸ਼ ਦਾ ਇਕ ਵੀਡੀਓ ਕਾਲ ਆਇਆ ਅਤੇ ਮੈਂ ਉਸੇ 'ਚ ਆਪਣੇ ਪਿਤਾ ਦੀ ਪਛਾਣਕੀਤੀ। ਮੈਂ ਬੇਹੱਦ ਖੁਸ਼ ਹਾਂ ਅਤੇ ਇਸ 'ਤੇ ਵਿਸ਼ਵਾਸ ਨਹੀਂ ਕਰ ਸਕਦਾ।'' ਅਮਰਨਾਥ ਨੇ ਕਿਹਾ,''ਇਹ ਸਾਡੇ ਲਈ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ।''


author

DIsha

Content Editor

Related News