ਛਠ ਪੂਜਾ: ਅਰਘ ਦੇ ਕੇ ਮਾਂ ਘਰ ਪਹੁੰਚੀ ਤਾਂ ਹੋਇਆ ਚਮਤਕਾਰ, 4 ਸਾਲਾਂ ਤੋਂ ਲਾਪਤਾ ਪੁੱਤ ਸੀ ਅੱਖਾਂ ਸਾਹਮਣੇ

Thursday, Nov 03, 2022 - 04:31 PM (IST)

ਪਟਨਾ- ਛੱਠ ਮਈਆ ਨੇ ਬਿਨਾਂ ਮੰਗਿਆਂ ਸਾਲਾਂ ਦਾ ਦੁੱਖ ਦੂਰ ਕਰ ਦਿੱਤਾ। ਛੱਠ ਦੇ ਤਿਉਹਾਰ ਮੌਕੇ ਸਵੇਰ ਦਾ ਅਰਘ ਦੇ ਕੇ ਨੰਦਲਾਲ ਸਾਹ ਰਿਸ਼ਤੇਦਾਰਾਂ ਸਮੇਤ ਘਰ ਪਰਤੇ ਤਾਂ 4 ਸਾਲ ਪਹਿਲਾਂ ਲਾਪਤਾ ਹੋਇਆ ਉਨ੍ਹਾਂ ਦਾ 44 ਸਾਲਾ ਪੁੱਤਰ ਸੰਜੇ ਸਾਹ ਦਰਵਾਜ਼ੇ ’ਤੇ ਬੈਠਾ ਮਿਲਿਆ। ਨੰਦਲਾਲ ਦੱਸਦੇ ਹਨ ਕਿ ਜਿਸ ਪੁੱਤਰ ਦਾ ਦੋ ਸਾਲ ਪਹਿਲਾਂ ਸਸਕਾਰ ਕਰ ਦਿੱਤਾ ਗਿਆ ਸੀ, ਉਸ ਨੂੰ ਪਹਿਲੀ ਨਜ਼ਰ ’ਚ ਵੇਖਿਆ ਤਾਂ ਉਸ ਦੇ ਜ਼ਿੰਦਾ ਹੋਣ ’ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ। ਮਾਂ ਵਿਮਲਾ ਦੇਵੀ ਆਖਦੀ ਹੈ ਕਿ ਧੀ ਪੂਨਮ ਛੱਠ ਕਰਦੀ ਹੈ। ਅਰਘ ਦੇ ਸਮੇਂ ਪੁੱਤਰ ਨੂੰ ਯਾਦ ਕਰ ਕੇ ਹਰ ਸਾਲ ਅੱਖਾਂ ਨਮ ਹੋ ਜਾਂਦੀਆਂ ਸਨ। ਸਭ ਛਠ ਮਈਆ ਦੀ ਕ੍ਰਿਪਾ ਹੈ। ਭਗਵਾਨ ਨੇ ਖੁਸ਼ੀਆਂ ਨਾਲ ਝੋਲੀ ਨੂੰ ਭਰ ਦਿੱਤਾ।

ਗੱਲਬਾਤ ਤੋਂ ਹੋਈ ਪਛਾਣ

ਦਰਅਸਲ ਦਾਨਾਪੁਰ ਦੇ ਰਾਮਜੀ ਚੱਕ ਦਾ ਰਹਿਣ ਵਾਲਾ ਸੰਜੇ ਕੁਮਾਰ ਦਿਮਾਗੀ ਤੌਰ 'ਤੇ ਬੀਮਾਰ ਹੋ ਗਿਆ ਸੀ। 2018 'ਚ ਘਰੋਂ ਅਚਾਨਕ ਗਾਇਬ ਹੋ ਗਿਆ। ਦੋ ਮਹੀਨੇ ਪਹਿਲਾਂ ਉਸ ਨੂੰ ਕੇਰਲ ਦੇ ਕਾਸਰਗੋਡ ਵਿਚ ਇਕ ਗੈਰ-ਸਰਕਾਰੀ ਸੰਗਠਨ ਵੱਲੋਂ ਦੇਖਭਾਲ ਲਈ ਮੁੰਬਈ ਵਿਚ ਰੈਮਨ ਮੈਗਸੇਸੇ ਅਵਾਰਡ ਜੇਤੂ ਡਾ. ਭਰਤ ਵਟਵਾਨੀ ਵੱਲੋਂ ਚਲਾਏ ਜਾ ਰਹੇ ਸ਼ਰਧਾ ਪੁਨਰਵਾਸ ਕੇਂਦਰ ’ਚ ਸ਼ਿਫਟ ਕੀਤਾ ਗਿਆ ਸੀ। ਇੱਥੇ ਡਾਕਟਰ ਉਦੈ ਸਿੰਘ ਦੀ ਅਗਵਾਈ ਹੇਠ ਇਲਾਜ ਸ਼ੁਰੂ ਕੀਤਾ ਗਿਆ। ਡਾਕਟਰ ਭਰਤ ਵਟਵਾਨੀ ਨੇ ਦੱਸਿਆ ਕਿ ਸੰਜੇ ਕਾਊਂਸਲਿੰਗ 'ਚ ਮਾਘੀ 'ਚ ਗੱਲ ਕਰਦਾ ਸੀ, ਜਿਸ ਦੇ ਆਧਾਰ 'ਤੇ ਉਸ ਦੇ ਬਿਹਾਰ ਤੋਂ ਹੋਣ ਦੀ ਸੂਚਨਾ ਮਿਲੀ ਸੀ। ਸੰਜੇ ਆਪਣਾ ਪਤਾ ਰਾਮਜੀ ਚੱਕ, ਬਾਟਾ, ਆਟਾ-ਚੱਕੀ ਦੀ ਦੁਕਾਨ ਹੀ ਦੱਸ ਸਕਿਆ। ਉਸ ਨੇ ਆਪਣੇ ਪਿਤਾ ਦਾ ਨਾਂ ਨੰਦਲਾਲ ਸਾਹ ਦੱਸਿਆ ਤਾਂ ਟੀਮ ਉਸ ਨੂੰ ਲੈ ਕੇ ਪਟਨਾ ਪਹੁੰਚ ਗਈ। 

ਸੰਜੇ ਨੂੰ ਵੇਖ ਖੁਸ਼ੀ ਨੂੰ ਬਿਆਨ ਕਰਨ ਲਈ ਨਹੀਂ ਸਨ ਸ਼ਬਦ

ਸੰਜੇ ਨੂੰ ਮੁੰਬਈ ਤੋਂ ਪਟਨਾ ਲਿਆਉਣ ਵਾਲੇ ਵਲੰਟੀਅਰਾਂ ਅਜੇ ਅਤੇ ਵਿਕਾਸ ਨੇ ਦੱਸਿਆ ਕਿ 29 ਅਕਤੂਬਰ ਨੂੰ ਉਹ ਰੇਲ ਗੱਡੀ ਰਾਹੀਂ ਮੁੰਬਈ ਲਈ ਰਵਾਨਾ ਹੋਏ ਸਨ। 31 ਅਕਤੂਬਰ ਦੀ ਸਵੇਰ ਸੰਜੇ ਨੂੰ ਦਾਨਾਪੁਰ ਦੇ ਇਲਾਕੇ 'ਚ ਲਿਜਾਇਆ ਗਿਆ ਪਰ ਉਹ ਆਪਣੇ ਘਰ ਦੀ ਪਛਾਣ ਨਹੀਂ ਕਰ ਸਕਿਆ। ਇਸ ਤੋਂ ਬਾਅਦ ਰਾਮਜੀ ਚੱਕ 'ਚ ਬਾਟਾ ਦੀ ਦੁਕਾਨ ਦੇ ਸਾਹਮਣੇ ਆਟਾ ਚੱਕੀ ਦੇ ਆਲੇ-ਦੁਆਲੇ ਨੰਦਲਾਲ ਸਾਹ ਦੇ ਘਰ ਦੀ ਸੂਚਨਾ ਮਿਲੀ। ਸਵੇਰੇ 7 ਵਜੇ ਆਪਣੇ ਘਰ ਪਹੁੰਚਿਆ ਪਰ ਪਰਿਵਾਰ ਦੇ ਸਾਰੇ ਮੈਂਬਰ ਛੱਠ ਪੂਜਾ ਲਈ ਗਏ ਹੋਏ ਸਨ। ਰਾਤ ਕਰੀਬ 9.15 ਵਜੇ ਜਦੋਂ ਪਰਿਵਾਰ ਪਹੁੰਚਿਆ ਤਾਂ ਉਨ੍ਹਾਂ ਦੇ ਚਿਹਰਿਆਂ 'ਤੇ ਖੁਸ਼ੀ ਨੂੰ ਬਿਆਨ ਕਰਨ ਲਈ ਸ਼ਬਦ ਨਹੀਂ ਹਨ। 

ਪੁਲਸ ਨੇ ਨਹੀਂ ਲਈ ਸੀ ਗੁੰਮ ਹੋਣ ਦੀ ਅਰਜ਼ੀ

ਨੰਦਲਾਲ ਸਾਹ ਮੁਤਾਬਕ ਸਾਲ 2018 'ਚ ਲਾਪਤਾ ਹੋਣ ਤੋਂ ਬਾਅਦ ਦੀਘਾ ਪੁਲਸ ਸਟੇਸ਼ਨ 'ਚ ਅਰਜ਼ੀ ਦਿੱਤੀ ਗਈ ਸੀ ਪਰ ਉਸ ਨੂੰ ਸਵੀਕਾਰ ਨਹੀਂ ਕੀਤਾ ਗਿਆ। 2020 ਵਿਚ ਕੋਰੋਨਾ ਮਹਾਮਾਰੀ ਦੌਰਾਨ ਇਕ ਜਾਣਕਾਰ ਨੇ ਦੱਸਿਆ ਕਿ ਉਸ ਨੇ ਸੰਜੇ ਦੀ ਲਾਸ਼ ਦੇਖੀ ਸੀ। ਪਰਿਵਾਰ ਵਾਲਿਆਂ ਨੇ ਵੀ ਉਸ ਨੂੰ ਸੰਜੇ ਸਮਝ ਕੇ ਸਸਕਾਰ ਕਰ ਦਿੱਤਾ। ਨਗਰ ਪੰਚਾਇਤ ਵੱਲੋਂ ਮੌਤ ਦਾ ਸਰਟੀਫ਼ਿਕੇਟ ਵੀ ਜਾਰੀ ਕੀਤਾ ਗਿਆ। ਨੰਦਲਾਲ ਸਾਹ ਨੇ ਦੱਸਿਆ ਕਿ ਸੰਜੇ ਹੋਣਹਾਰ ਵਿਦਿਆਰਥੀ ਸੀ। ਉਹ ਬੀ.ਐਸ.ਸੀ. ਦੇ ਅੰਤਿਮ ਸਾਲ ਵਿਚ ਸੀ ਤਾਂ ਅਚਾਨਕ ਅਸਾਧਾਰਨ ਵਿਵਹਾਰ ਸ਼ੁਰੂ ਕਰ ਦਿੱਤਾ। ਉਨ੍ਹਾਂ ਦਾ ਇਲਾਜ ਰਾਂਚੀ ਦੇ ਮਾਨਸਿਕ ਰੋਗ ਹਸਪਤਾਲ ਤੋਂ ਚਲਿਆ।


Tanu

Content Editor

Related News