ਬੈਂਗਲੁਰੂ ’ਚ ਪਰਿਵਾਰ ਦੇ 5 ਮੈਂਬਰ ਮਿਲੇ ਮ੍ਰਿਤ, 5 ਦਿਨਾਂ ਤੱਕ ਲਾਸ਼ਾਂ ਨਾਲ ਰਹੀ ਢਾਈ ਸਾਲ ਦੀ ਬੱਚੀ
Saturday, Sep 18, 2021 - 01:31 PM (IST)
ਕਰਨਾਟਕ- ਬੈਂਗਲੁਰੂ ’ਚ ਇਕ ਹੀ ਪਰਿਵਾਰ ਦੇ 4 ਮੈਂਬਰਾਂ ਦੀ ਖ਼ੁਦਕੁਸ਼ੀ ਅਤੇ 9 ਮਹੀਨੇ ਦੇ ਬੱਚੇ ਦੀ ਮੌਤ ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। 5 ਲਾਸ਼ਾਂ ਨਾਲ ਘਰ ’ਚ 5 ਦਿਨ ਰਹਿ ਰਹੀ ਨਾਬਾਲਗ ਬੱਚੀ ਨੂੰ ਪੁਲਸ ਨੇ ਛੁਡਾਇਆ। ਪਰਿਵਾਰ ਦੀ ਢਾਈ ਸਾਲ ਦੀ ਬੱਚੀ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਘਟਨਾ ਦਾ ਪਤਾ ਉਦੋਂ ਲੱਗਾ, ਜਦੋਂ 4 ਦਿਨਾਂ ਤੋਂ ਬਾਹਰ ਗਏ ਹੋਏ ਪਰਿਵਾਰ ਦੇ ਮੁਖੀਆ ਹੱਲੇਗੋਰੇ ਸ਼ੰਕਰ ਘਰ ਪਰਤੇ। ਉਨਵਾਂ ਨੇ ਪਰਿਵਾਰ ਨੂੰ ਵਾਰ-ਵਾਰ ਆਵਾਜ਼ ਦਿੱਤੀ ਪਰ ਕੋਈ ਜਵਾਬ ਨਹੀਂ ਮਿਲਿਆ। ਪੁਲਸ ਨੂੰ ਸ਼ੱਕ ਹੈ ਕਿ ਇਨ੍ਹਾਂ ਸਾਰਿਆਂ ਦੀ ਮੌਤ 4 ਦਿਨ ਪਹਿਲਾਂ ਹੀ ਹੋ ਗਈ ਸੀ। ਉਨਵਾਂ ਕਿਹਾ ਕਿ ਇਹ ਖ਼ੁਦਕੁਸ਼ੀ ਪ੍ਰਤੀਤ ਹੋ ਰਹੀ ਹੈ।
ਇਹ ਵੀ ਪੜ੍ਹੋ : ਕੋਵੈਕਸੀਨ ਨੂੰ ਡਬਲਿਯੂ. ਐੱਚ. ਓ. ਦੀ ਮਨਜ਼ੂਰੀ ’ਚ ਦੇਰੀ ਤੋਂ ਭਾਰਤ ਪਰੇਸ਼ਾਨ
ਅਧਿਕਾਰੀਆਂ ਨੇ ਦੱਸਿਆ ਕਿ ਮਰਨ ਵਾਲਿਆਂ ’ਚ ਸ਼ੰਕਰ ਦੀ ਪਤਨੀ ਭਾਰਤੀ (51), ਧੀਆਂ ਸਿਨਚਾਨਾ (34), ਸਿੰਧੁਰਾਣੀ (31), ਪੁੱਤ ਮਧੁਸਾਗਰ ਅਤੇ 9 ਮਹੀਨੇ ਦਾ ਪੋਤਾ ਸ਼ਾਮਲ ਹੈ। ਚਾਰੇ ਲੋਕ ਵੱਖ-ਵੱਖ ਕਮਰਿਆਂ ’ਚ ਫਾਹੇ ਨਾਲ ਲਟਕੇ ਮਿਲੇ, ਜਦੋਂ ਕਿ ਨਵਜਾਤ ਬਿਸਤਰ ’ਤੇ ਮਿਲਿਆ, ਜਿਸ ਦੀ ਮੌਤ ਭੁੱਖ ਕਾਰਨ ਹੋਈ। ਉਨ੍ਹਾਂ ਦੱਸਿਆ ਕਿ ਲਾਸ਼ਾਂ ਬੁਰੀ ਤਰ੍ਹਾਂ ਸੜ ਚੁਕੀਆਂ ਸਨ। ਪੁਲਸ ਨੂੰ ਉੱਥੇ ਸਿਨਚਾਨਾ ਦੀ ਢਾਈ ਸਾਲ ਦੀ ਬੱਚੀ ਮਿਲੀ, ਜੋ ਖਾਣ-ਪੀਣ ਨੂੰ ਕੁਝ ਨਹੀਂ ਮਿਲਣ ਕਾਰਨ ਬੇਹੋਸ਼ ਸੀ। ਪੁਲਸ ਨੇ ਕਿਹਾ ਕਿ ਬੱਚੀ ਦਾ ਜਿਉਂਦੀ ਮਿਲਣਾ ‘ਚਮਤਕਾਰ’ ਹੀ ਹੈ। ਉਸ ਨੂੰ ਨਜ਼ਦੀਕੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਬੱਚੀ ਨੂੰ ਹੋਸ਼ ਆ ਗਿਆ ਹੈ ਅਤੇ ਡਾਕਟਰਾਂ ਅਨੁਸਾਰ ਉਸ ਦੀ ਹਾਲਤ ਸਥਿਰ ਹੈ। ਸੂਤਰਾਂ ਨੇ ਦੱਸਿਆ ਕਿ ਸ਼ੰਕਰ ਦੀ ਵੱਡੀ ਧੀ ਆਪਣੇ ਪਤੀ ਤੋਂ ਵੱਖ ਹੋ ਚੁਕੀ ਸੀ ਅਤੇ ਪੇਕੇ ਰਹਿ ਰਹੀ ਸੀ। ਛੋਟੀ ਧੀ ਇੱਥੇ ਡਿਲਿਵਰੀ ਲਈ ਆਈ ਹੋਈ ਸੀ। ਪੁਲਸ ਸ਼ੰਕਰ ਤੋਂ ਪੁੱਛ-ਗਿੱਛ ਕਰ ਰਹੀ ਹੈ। ਸ਼ੰਕਰ ਨੇ ਪੁਲਸ ਨੂੰ ਦੱਸਿਆ ਕਿ ਪਰਿਵਾਰ ’ਚ ਕੁਝ ਪਰੇਸ਼ਾਨੀਆਂ ਸਨ ਅਤੇ ਉਨ੍ਹਾਂ ਦੀ ਇਕ ਧੀ ਆਪਣੇ ਪਤੀ ਤੋਂ ਵੱਖ ਰਹਿ ਰਹੀ ਸੀ। ਪੁਲਸ ਨੇ ਇਸ ਸੰਬੰਧ ’ਚ ਗੈਰ-ਕੁਦਰਤੀ ਮੌਤ ਦਾ ਮਾਮਲਾ ਦਰਜ ਕੀਤਾ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਪੁਲਸ ਗੁਆਂਢੀਆਂ ਤੋਂ ਵੀ ਪੁੱਛ-ਗਿੱਛ ਕਰ ਰਹੀ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ