ਨਾਬਾਲਗ ਨੂੰ ਨੰਗਾ ਕਰ ਕੇ ਕੁੱਟਿਆ ; ਚਿਹਰੇ ’ਤੇ ਕੀਤਾ ਪਿਸ਼ਾਬ, ਸ਼ਰਮ ਕਾਰਨ ਕਰ ਲਈ ਖੁਦਕੁਸ਼ੀ
Tuesday, Dec 24, 2024 - 01:49 PM (IST)
ਬਸਤੀ- ਉੱਤਰ ਪ੍ਰਦੇਸ਼ ਦੇ ਬਸਤੀ ਜ਼ਿਲ੍ਹੇ ਦੇ ਕਪਤਾਨਗੰਜ ਥਾਣਾ ਖੇਤਰ ’ਚ ਚਾਰ ਲੋਕਾਂ ਵਲੋਂ ਕੁੱਟਮਾਰ ਕਰਨ ਅਤੇ ਉਸ ਦੇ ਚਿਹਰੇ 'ਤੇ ਪਿਸ਼ਾਬ ਕਰਨ ਤੋਂ ਬਾਅਦ ਇਕ 17 ਸਾਲਾ ਨਾਬਾਲਗ ਮੁੰਡੇ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਸੁਪਰਡੈਂਟ ਕ੍ਰਿਸ਼ਨ ਗੋਪਾਲ ਚੌਧਰੀ ਨੇ ਕਿਹਾ ਕਿ ਕਪਤਾਨਗੰਜ ਦੇ ਐੱਸ.ਐੱਚ.ਓ. ਦੀਪਕ ਕੁਮਾਰ ਦੁਬੇ ਨੂੰ ਮੁਅੱਤਲ ਕਰ ਦਿੱਤਾ ਗਿਆ ਅਤੇ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਦੁਬੇ ਨੇ ਮੁੰਡੇ ਦੇ ਪਰਿਵਾਰ ਵਲੋਂ ਸ਼ਿਕਾਇਤ ਦਰਜ ਕਰਵਾਉਣ ਦੇ ਬਾਵਜੂਦ ਦੋਸ਼ੀਆਂ ਖ਼ਿਲਾਫ਼ ਕਾਰਵਾਈ ਨਹੀਂ ਕੀਤੀ। ਸਰਕਿਲ ਅਫਸਰ ਪ੍ਰਦੀਪ ਕੁਮਾਰ ਤ੍ਰਿਪਾਠੀ ਨੇ ਕਿਹਾ ਕਿ ਮੁੰਡੇ ਦੇ ਚਾਚੇ ਦੀ ਸ਼ਿਕਾਇਤ ਦੇ ਆਧਾਰ 'ਤੇ ਸੋਮਵਾਰ ਨੂੰ ਐੱਫ.ਆਈ.ਆਰ. ਦਰਜ ਕੀਤੀ ਗਈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਉਨ੍ਹਾਂ ਕਿਹਾ,''ਜੋ ਵੀ ਦੋਸ਼ੀ ਪਾਇਆ ਜਾਵੇਗਾ, ਉਸ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ।'' ਪੀੜਤ ਸੰਤ ਕੰਬੀਰ ਨਗਰ ਦਾ ਰਹਿਣ ਵਾਲਾ ਸੀ ਅਤੇ ਬਸਤੀ ਜ਼ਿਲ੍ਹੇ 'ਚ ਆਪਣੇ ਚਾਚੇ ਦੇ ਘਰ ਰਹਿ ਰਿਹਾ ਸੀ।
ਪਰਿਵਾਰ ਦੇ ਮੈਂਬਰਾਂ ਨੇ ਆਪਣੀ ਸ਼ਿਕਾਇਤ 'ਚ ਦੋਸ਼ ਲਗਾਇਆ ਕਿ ਮੁੰਡੇ ਨੂੰ 20-21 ਦਸੰਬਰ ਦੀ ਰਾਤ ਇਕ ਗ੍ਰਾਮੀਣ ਨੇ ਜਨਮ ਦਿਨ ਦੀ ਪਾਰਟੀ 'ਚ ਸੱਦਾ ਦਿੱਤਾ ਸੀ। ਉਸ ਦੇ ਪਹੁੰਚਣ ਤੋਂ ਬਾਅਦ ਉਸ ਨੂੰ ਨੰਗਾ ਕਰ ਕੇ ਕੁੱਟਿਆ ਗਿਆ ਅਤੇ ਉਸ 'ਤੇ ਪਿਸ਼ਾਬ ਕੀਤਾ ਗਿਆ ਅਤੇ ਅਪਮਾਨਤ ਕੀਤਾ ਗਿਆ। ਇਸ ਪੂਰੀ ਘਟਨਾ ਦਾ ਵੀਡੀਓ ਬਣਾ ਲਿਆ ਗਿਆ। ਮੁੰਡੇ ਦੀ ਮਾਂ ਨੇ ਦੋਸ਼ ਲਗਾਇਆ ਕਿ ਦੋਸ਼ੀਆਂ ਨੇ ਵੀਡੀਓ ਡਿਲੀਟ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਉਸ ਨੂੰ ਆਪਣਾ ਥੁੱਕ ਚੱਟਣ ਲਈ ਵੀ ਮਜ਼ਬੂਰ ਕੀਤਾ। ਵੀਡੀਓ ਵਾਇਰਲ ਹੋਣ ਦੇ ਡਰ ਤੋਂ ਮੁੰਡਾ ਪਰੇਸ਼ਾਨ ਹੋ ਗਿਆ। ਉਸ ਨੇ ਆਪਣੇ ਪਰਿਵਾਰ ਨੂੰ ਵੀ ਪੂਰੀ ਘਟਨਾ ਬਾਰੇ ਦੱਸਿਆ ਅਤੇ ਕਪਤਾਨਗੰਜ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਪਰ ਐੱਫ.ਆਈ.ਆਰ. ਦਰਜ ਨਹੀਂ ਹੋਈ। ਪਰਿਵਾਰ ਨੇ ਦੋਸ਼ ਲਗਾਇਆ ਕਿ ਪੁਲਸ ਨੇ ਦੋਸ਼ੀਆਂ ਖ਼ਿਲਾਫ਼ ਤੁਰੰਤ ਕੋਈ ਕਾਰਵਾਈ ਨਹੀਂ ਕੀਤੀ। ਸੋਮਵਾਰ ਨੂੰ ਸ਼ਰਮ 'ਚ ਪੀੜਤ ਨੇ ਦੁਪਹਿਰ 1 ਵਜੇ ਫਾਹਾ ਲੈ ਲਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8