ਨਾਗਪੁਰ ''ਚ ਤੇਂਦੁਏ ਨੇ ਢਾਹਿਆ ਕਹਿਰ ! 7 ਲੋਕਾਂ ''ਤੇ ਹਮਲਾ ਕਰ ਕੀਤਾ ਜ਼ਖ਼ਮੀ
Thursday, Dec 11, 2025 - 12:21 PM (IST)
ਨੈਸ਼ਨਲ ਡੈਸਕ- ਮਹਾਰਾਸ਼ਟਰ ਦੇ ਨਾਗਪੁਰ ਸ਼ਹਿਰ ਦੇ ਇੱਕ ਰਿਹਾਇਸ਼ੀ ਇਲਾਕੇ ਵਿੱਚ ਬੁੱਧਵਾਰ ਸਵੇਰੇ ਇੱਕ ਤੇਂਦੁਏ ਦੇ ਵੜ ਆਉਣ ਨਾਲ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਤੇਂਦੁਏ ਦੇ ਹਮਲੇ ਵਿੱਚ ਘੱਟੋ-ਘੱਟ 7 ਲੋਕਾਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਮਿਲੀ ਹੇ।
ਜਾਣਕਾਰੀ ਅਨੁਸਾਰ ਜੰਗਲਾਤ ਵਿਭਾਗ ਨੂੰ ਪਾਰਡੀ ਖੇਤਰ ਦੇ ਸ਼ਿਵ ਨਗਰ ਇਲਾਕੇ ਵਿੱਚ ਵੱਡੇ ਜੰਗਲੀ ਜੀਵ ਨੂੰ ਵੇਖੇ ਜਾਣ ਬਾਰੇ ਇੱਕ ਫੋਨ ਕਾਲ ਆਈ ਸੀ। ਨਾਗਪੁਰ ਦੀ ਡਿਪਟੀ ਕੰਜ਼ਰਵੇਟਰ ਆਫ਼ ਫੌਰੈਸਟ, ਡਾ. ਵਿਨੀਤਾ ਵਿਆਸ ਨੇ ਇੱਕ ਬਿਆਨ ਵਿੱਚ ਦੱਸਿਆ ਕਿ ਤੇਂਦੁਏ ਦੇ ਹਮਲੇ ਵਿੱਚ 5 ਤੋਂ 7 ਵਿਅਕਤੀ ਜ਼ਖ਼ਮੀ ਹੋਏ ਹਨ।
ਸੂਚਨਾ ਮਿਲਣ 'ਤੇ, ਜੰਗਲਾਤ ਵਿਭਾਗ ਅਤੇ ਜੰਗਲੀ ਜੀਵ ਇਲਾਜ ਕੇਂਦਰ ਦੀ ਟੀਮ ਤੁਰੰਤ ਮੌਕੇ 'ਤੇ ਪਹੁੰਚੀ ਤੇ ਟੀਮ ਨੇ ਤੇਂਦੁਏ ਨੂੰ ਬੇਹੋਸ਼ ਕਰ ਕੇ ਸੁਰੱਖਿਅਤ ਕਾਬੂ ਕਰ ਲਿਆ, ਜਦਕਿ ਜ਼ਖ਼ਮੀ ਹੋਏ ਵਿਅਕਤੀਆਂ ਨੂੰ ਇਲਾਜ ਲਈ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਹੈ। ਡਾ. ਵਿਆਸ ਨੇ ਇਹ ਵੀ ਦੱਸਿਆ ਕਿ ਇਸ ਤੋਂ ਪਹਿਲਾਂ ਵੀ 19 ਨਵੰਬਰ ਨੂੰ ਸ਼ਹਿਰ ਦੇ ਇਸੇ ਖੇਤਰ ਵਿੱਚੋਂ ਇੱਕ ਤੇਂਦੁਏ ਨੂੰ ਰੈਸਕਿਊ ਕੀਤਾ ਗਿਆ ਸੀ।
