ਲੋਕਾਂ ਦਾ ਸਹਿਯੋਗ ਨਾ ਮਿਲਣ ਕਾਰਨ ਦੇਸ਼ 'ਚ ਕੋਰੋਨਾ ਦੇ ਮਾਮਲੇ ਵਧੇ : ਸਿਹਤ ਮੰਤਰਾਲਾ

03/31/2020 5:55:16 PM

ਨਵੀਂ ਦਿੱਲੀ— ਭਾਰਤ 'ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਤੇਜ਼ੀ ਨਾਲ ਵਧ ਰਹੀ ਹੈ। ਇਸ ਨੂੰ ਲੈ ਕੇ ਸਿਹਤ ਮੰਤਰਾਲਾ ਨੇ ਪ੍ਰੈੱਸ ਕਾਨਫਰੰਸ ਕੀਤੀ। ਸਿਹਤ ਮੰਤਰਾਲਾ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਕਿਹਾ ਕਿ ਕੋਰੋਨਾ ਇਕ ਸਮੂਹਕ ਲੜਾਈ ਹੈ, ਲੋਕਾਂ ਦਾ ਸਹਿਯੋਗ ਨਾ ਮਿਲਣ ਕਾਰਨ ਮਾਮਲੇ ਵਧ ਰਹੇ ਹਨ। ਸਾਰੇ ਮਿਲ ਕੇ ਹੀ ਅਸੀਂ ਇਸ ਲੜਾਈ ਨੂੰ ਜਿੱਤ ਸਕਾਂਗੇ। 24 ਘੰਟਿਆਂ 'ਚ 227 ਮਾਮਲੇ ਸਾਹਮਣੇ ਆਏ ਹਨ, ਜਦਕਿ 3 ਲੋਕਾਂ ਦੀ ਮੌਤ ਹੋਈ ਹੈ। 

ਲਵ ਅਗਰਵਾਲ ਨੇ ਕਿਹਾ ਕਿ ਕੋਰੋਨਾ ਵਿਰੁੱਧ ਲੜਾਈ ਲਈ ਪਾਵਰ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਹ ਕਮੇਟੀ ਰਿਸਰਚ ਨੂੰ ਅੱਗੇ ਵਧਾਉਣ ਦਾ ਕੰਮ ਕਰੇਗੀ। ਲਵ ਅਗਰਵਾਲ ਨੇ ਕਿਹਾ ਕਿ ਇਸ ਲੜਾਈ ਲਈ ਤੁਰਕੀ, ਵੀਅਤਨਾਮ ਅਤੇ ਕੋਰੀਆ ਤੋਂ ਮਦਦ ਲਈ ਜਾ ਰਹੀ ਹੈ। 15 ਹਜ਼ਾਰ ਨਰਸਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਦੇਸ਼ 'ਚ ਜ਼ਰੂਰੀ ਸਾਮਾਨਾਂ ਦੀ ਸਪਲਾਈ ਜਾਰੀ ਹੈ। 

ਵੈੱਬਸਾਈਟ 'ਤੇ ਜ਼ਰੂਰੀ ਜਾਣਕਾਰੀਆਂ ਅਪਡੇਟ ਕੀਤੀਆਂ ਗਈਆਂ ਹਨ। 1075 ਹੈਲਪਲਾਈਨ ਤੋਂ ਲਗਾਤਾਰ ਜਾਣਕਾਰੀਆਂ ਦਿੱਤੀਆਂ ਜਾ ਰਹੀਆਂ ਹਨ। ਦੱਸਣਯੋਗ ਹੈ ਕਿ ਦੇਸ਼ 'ਚ ਹੁਣ ਤਕ 1251 ਮਾਮਲੇ ਸਾਹਮਣੇ ਆਏ ਹਨ ਅਤੇ ਮੌਤਾਂ ਦਾ ਅੰਕੜਾ 32 ਤਕ ਪਹੁੰਚ ਗਿਆ ਹੈ। ਲਾਕ ਡਾਊਨ ਦੇ ਬਾਵਜੂਦ ਕੋਰੋਨਾ ਦੇ ਕੇਸ ਤੇਜ਼ੀ ਨਾਲ ਵਧ ਰਹੇ ਹਨ। ਲਵ ਅਗਰਵਾਲ ਨੇ ਕਿਹਾ ਕਿ ਕੋਰੋਨਾ ਦੇ ਬਾਬਤ ਪੀ. ਐੱਮ. ਮੋਦੀ ਨੇ ਦੁਨੀਆ ਭਰ 'ਚ ਮੌਜੂਦ ਭਾਰਤ ਦੇ ਰਾਜਦੂਤਾਂ ਨਾਲ ਵੀਡੀਓ ਕਾਨਫਰੰਸਿੰਗ ਜ਼ਰੀਏ ਗੱਲਬਾਤ ਕੀਤੀ ਹੈ। ਕੋਰੋਨਾ ਨੂੰ ਲੈ ਕੇ ਅੱਜ ਗਰੁੱਪ ਆਫ ਮਿਨਿਸਟਰਸ ਦੀ ਵੀ ਬੈਠਕ ਹੋਈ ਹੈ, ਜਿਸ 'ਚ ਕੋਵਿਡ-19 ਹਸਪਤਾਲਾਂ ਨੂੰ ਛੇਤੀ ਤੋਂ ਛੇਤੀ ਬਣਾਉਣ ਦੀ ਚਰਚਾ ਕੀਤੀ ਗਈ ਹੈ। ਐੱਨ 95 ਮਾਸਕ ਦੀ ਸਪਲਾਈ ਵਧਾਉਣ ਲਈ ਡੀ. ਆਰ. ਓ. ਸਥਾਨਕ ਨਿਰਮਾਤਾਵਾਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ।


Tanu

Content Editor

Related News