24 ਘੰਟਿਆਂ 'ਚ 693 ਕੋਰੋਨਾ ਪਾਜ਼ੀਟਿਵ ਕੇਸ, 1445 'ਤਬਲੀਗੀ ਜਮਾਤ' ਨਾਲ ਜੁੜੇ : ਸਿਹਤ ਮੰਤਰਾਲਾ

Monday, Apr 06, 2020 - 05:26 PM (IST)

24 ਘੰਟਿਆਂ 'ਚ 693 ਕੋਰੋਨਾ ਪਾਜ਼ੀਟਿਵ ਕੇਸ, 1445 'ਤਬਲੀਗੀ ਜਮਾਤ' ਨਾਲ ਜੁੜੇ : ਸਿਹਤ ਮੰਤਰਾਲਾ

ਨਵੀਂ ਦਿੱਲੀ— ਕੋਰੋਨਾ ਵਾਇਰਸ ਦੀ ਮਹਾਮਾਰੀ ਦਰਮਿਆਨ ਸਿਹਤ ਮੰਤਰਾਲਾ ਨੇ ਰੋਜ਼ਾਨਾ ਵਾਂਗ ਸੋਮਵਾਰ ਭਾਵ ਅੱਜ ਵੀ ਪ੍ਰੈੱਸ ਕਾਨਫਰੰਸ ਕੀਤੀ। ਸਿਹਤ ਮੰਤਰਾਲਾ ਮੁਤਾਬਕ ਭਾਰਤ 'ਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ 4067 ਹੋ ਗਈ ਹੈ, ਜਦਕਿ 109 ਲੋਕਾਂ ਦੀ ਮੌਤ ਹੋਈ। ਸਿਹਤ ਮੰਤਰਾਲਾ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਕਿਹਾ ਕਿ 24 ਘੰਟਿਆਂ ਦੇ ਅੰਦਰ 693 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 13 ਮੌਤਾਂ ਹੋਈਆਂ ਹਨ। ਇਸ ਤਰ੍ਹਾਂ ਕੁੱਲ ਕੇਸਾਂ ਦੀ ਗਿਣਤੀ 4067 ਤਕ ਪਹੁੰਚ ਗਈ ਹੈ। ਪੁਰਸ਼ਾਂ 'ਚ 76 ਫੀਸਦੀ ਅਤੇ ਔਰਤਾਂ 'ਚ 24 ਫੀਸਦੀ ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਦੱਸਿਆ ਕਿ 1445 ਕੇਸਾਂ ਦਾ ਸਬੰਧ ਤਬਲੀਗੀ ਜਮਾਤ ਨਾਲ ਹੈ। 

ਅਗਰਵਾਲ ਨੇ ਅੱਗੇ ਕਿਹਾ ਕਿ ਰਾਸ਼ਟਰੀ ਸਿਹਤ ਮਿਸ਼ਨ ਨਿਧੀ ਤੋਂ 1100 ਕਰੋੜ ਰੁਪਏ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ। ਨਾਲ ਹੀ ਅੱਜ 300 ਕਰੋੜ ਰੁਪਏ ਦੀ ਵਾਧੂ ਰਾਸ਼ੀ ਜਾਰੀ ਕੀਤੀ ਗਈ ਹੈ। ਲਾਕਡਾਊਨ ਦੌਰਾਨ ਹੁਣ ਤੱਕ ਪੂਰੇ ਭਾਰਤ 'ਚ 16.94 ਲੱਖ ਮੀਟ੍ਰਿਕ ਟਨ ਅਨਾਜ ਪਹੁੰਚਾਇਆ ਗਿਆ ਹੈ। 13 ਸੂਬਿਆਂ 'ਚ 1.3 ਲੱਖ ਮੀਟ੍ਰਿਕ ਟਨ ਕਣਕ ਅਤੇ 8 ਸੂਬਿਆਂ 'ਚ 1.32 ਲੱਖ ਮੀਟ੍ਰਿਕ ਟਨ ਚਾਵਲ ਅਲਾਟ ਕੀਤੇ ਗਏ ਹਨ। ਓਧਰ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਨੇ ਕਿਹਾ ਕਿ ਕੋਵਿਡ-19 ਦੇ ਟੈਸਟ ਲਈ 5 ਲੱਖ ਟੈਸਟਿੰਗ ਕਿੱਟਾਂ ਲਈ ਆਦੇਸ਼ ਦਿੱਤੇ ਹਨ।

ਸਿਹਤ ਮੰਤਰਾਲਾ ਦੀ ਸੰਯੁਕਤ ਸਕੱਤਰ ਪੁੰੰਨਯ ਸ਼੍ਰੀਵਾਸਤਵ ਨੇ ਕਿਹਾ ਕਿ ਅਸੀਂ 25,000 ਤਬਲੀਗੀ ਜਮਾਤ ਵਰਕਰਾਂ ਅਤੇ ਉਨ੍ਹਾਂ ਦੇ ਸੰਪਰਕ 'ਚ ਆਉਣ ਵਾਲਿਆਂ ਨੂੰ ਕੁਆਰੰਟਾਈਨ ਕਰ ਦਿੱਤਾ ਹੈ। ਹਰਿਆਣਾ ਦੇ 5 ਪਿੰਡਾਂ ਜਿੱਥੇ ਉਹ ਗਏ ਸਨ, ਉਨ੍ਹਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵਾਇਰਸ ਤੋਂ ਬਚਣ ਲਈ ਘਰ ਦੇ ਬਣੇ ਕੱਪੜੇ ਦਾ ਮਾਸਕ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਦੇਸ਼ ਵਿਚ ਖਾਣੇ ਦੀ ਕਮੀ ਨਹੀਂ ਹੈ, ਲੋੜਵੰਦ ਲੋਕਾਂ ਨੂੰ ਸਮੇਂ 'ਤੇ ਖਾਣਾ ਪਹੁੰਚਾਉਣ ਦਾ ਕੰਮ ਕੀਤਾ ਜਾ ਰਿਹਾ ਹੈ।


author

Tanu

Content Editor

Related News