ਮੰਤਰੀ ਦੇ ਪੁੱਤ ਨੇ ਛੇੜੀ ਨਵੀਂ ਚਰਚਾ, ਸਿਆਸਤ ''ਚ ਨਹੀਂ ਰੁਚੀ, ਬਣਿਆ ਚਪੜਾਸੀ

Monday, Dec 04, 2023 - 06:49 PM (IST)

ਮੰਤਰੀ ਦੇ ਪੁੱਤ ਨੇ ਛੇੜੀ ਨਵੀਂ ਚਰਚਾ, ਸਿਆਸਤ ''ਚ ਨਹੀਂ ਰੁਚੀ, ਬਣਿਆ ਚਪੜਾਸੀ

ਰਾਂਚੀ- ਝਾਰਖੰਡ ਦੇ ਕਿਰਤ, ਨਿਯੋਜਨ ਅਤੇ ਕੌਸ਼ਲ ਵਿਕਾਸ ਮੰਤਰੀ ਸੱਤਿਆਨੰਦ ਭੋਕਤਾ ਦੇ ਪੁੱਤ ਮੁਕੇਸ਼ ਕੁਮਾਰ ਭੋਕਤਾ ਚਪੜਾਸੀ ਦੀ ਨੌਕਰੀ ਕਰੇਗਾ। ਉਸ ਦੀ ਚੋਣ  ਉਸ ਦੇ ਹੋਮ ਜ਼ਿਲ੍ਹਾ ਚਤਰਾ ਸਿਵਲ ਕੋਰਟ 'ਚ ਇਸ ਅਹੁਦੇ ਲਈ ਹੋਈ ਹੈ। ਚਤਰਾ ਸਿਵਲ ਕੋਰਟ 'ਚ ਚੌਥੀ ਸ਼੍ਰੇਣੀ ਦੇ ਕਰਮਚਾਰੀਆਂ ਦੀ ਨਿਯੁਕਤੀ ਲਈ ਭਰਤੀ ਨਿਕਲੀ ਸੀ। ਇਸ ਦਾ ਨਤੀਜਾ ਸ਼ੁੱਕਰਵਾਰ ਨੂੰ ਜਾਰੀ ਕੀਤਾ ਗਿਆ। ਇਸ 'ਚ ਕੁੱਲ 19 ਉਮੀਦਵਾਰਾਂ ਦੀ ਚੋਣ ਕੀਤੀ ਗਈ ਹੈ। ਇਸ 'ਚ ਮੰਤਰੀ ਸੱਤਿਆਨੰਦ ਭੋਕਤਾ ਦੇ ਪੁੱਤ ਮੁਕੇਸ਼ ਕੁਮਾਰ ਭੋਕਤਾ ਦਾ ਨਾਂ 13ਵੇਂ ਨੰਬਰ 'ਤੇ ਹੈ। ਉਸ ਦੀ ਚੋਣ ਅਨੁਸੂਚਿਤ ਜਾਤੀ ਕੋਟੇ ਦੇ ਅਧੀਨ ਹੋਈ ਹੈ। ਮੰਤਰੀ ਦੇ ਪੁੱਤ ਮੁਕੇਸ਼ ਦਾ ਕਹਿਣਾ ਹੈ ਕਿ ਉਹ ਇਹ ਨੌਕਰੀ ਹਾਸਲ ਕਰ ਕੇ ਖੁਸ਼ ਹਨ। ਮੁਕੇਸ਼ ਨੇ ਕਿਹਾ ਕਿ ਮੇਰੀ ਰਾਜਨੀਤੀ 'ਚ ਰੁਚੀ ਨਹੀਂ ਹੈ। ਇਸ ਲਈ ਪਿਤਾ ਦੀ ਤਰ੍ਹਾਂ ਨੇਤਾ ਬਣਨ ਦੀ ਬਜਾਏ ਅਸੀਂ ਸਰਕਾਰੀ ਨੌਕਰੀ ਦੀ ਚੋਣ ਕੀਤੀ। ਉਨ੍ਹਾਂ ਕਿਹਾ  ਕਿ ਸਾਰਿਆਂ ਨੂੰ ਆਪਣੀ ਰੁਜ਼ਗਾਰ ਚੁਣਨ ਦੀ ਆਜ਼ਾਦੀ ਹੈ। ਮੇਰੀ ਚੋਣ ਚਪੜਾਸੀ ਦੇ ਅਹੁਦੇ 'ਤੇ ਹੋਈ ਹੈ ਅਤੇ ਇਹ ਨੌਕਰੀ ਕਰਾਂਗਾ। ਮੁਕੇਸ਼ ਨੇ ਕਿਹਾ ਕਿ ਕੋਈ ਵੀ ਅਹੁਦਾ ਛੋਟਾ ਜਾਂ ਵੱਡਾ ਨਹੀਂ ਹੁੰਦਾ। ਮੈਂ ਆਪਣਾ ਕੰਮ ਮਿਹਨਤ ਅਤੇ ਈਮਾਨਦਾਰੀ ਨਾਲ ਕਰਨ 'ਤੇ ਭਰੋਸਾ ਕਰਦਾ ਹਾਂ। ਆਮ ਤੌਰ 'ਤੇ ਨੇਤਾ, ਮੰਤਰੀ ਅਤੇ ਅਫ਼ਸਰ ਦੇ ਪੁੱਤਰ ਵੀ ਆਪਣੇ ਪਿਤਾ ਦੀ ਰਾਹ 'ਤੇ ਚੱਲ ਕੇ ਉਨ੍ਹਾਂ ਦਾ ਉੱਤਰਾਧਿਕਾਰ ਸੰਭਾਲਦੇ ਹਨ ਪਰ ਕੋਈ ਜ਼ਰੂਰੀ ਨਹੀਂ ਕਿ ਸਾਰੇ ਅਜਿਹਾ ਕਰਨ। ਮੇਰਾ ਇਕ ਭਰਾ 'ਚ ਰਾਜਨੀਤੀ 'ਚ ਹੈ ਅਤੇ ਮੈਨੂੰ ਨੌਕਰੀ ਕਰਨਾ ਚੰਗਾ ਲੱਗਦਾ ਹੈ। ਮੰਤਰੀ ਦੇ ਪੁੱਤ ਤੋਂ ਇਲਾਵਾ ਉਸ ਦੇ ਭਤੀਜੇ ਰਾਮਦੇਵ ਭੋਕਤਾ ਨੇ ਵੀ ਇਸ ਅਹੁਦੇ ਲਈ ਅਪਲਾਈ ਕੀਤਾ ਸੀ। ਉਸ ਦਾ ਨਾਂ ਵੇਟਿੰਗ ਲਿਸਟ 'ਚ ਹੈ। ਚੁਣੇ ਗਏ 19 ਲੋਕਾਂ 'ਚ ਜੇਕਰ ਕੋਈ ਜੁਆਇਨ ਨਹੀਂ ਕਰਦਾ ਹੈ ਤਾਂ ਉਸ ਦੀ ਜਗ੍ਹਾ ਵੇਟਿੰਗ ਲਿਸਟ 'ਚ ਸ਼ਾਮਲ ਉਮੀਦਵਾਰਾਂ ਨੂੰ ਮੌਕਾ ਮਿਲੇਗਾ।

ਇਹ ਵੀ ਪੜ੍ਹੋ : ਭਾਰਤੀ ਹਵਾਈ ਫ਼ੌਜ ਦਾ ਟਰੇਨੀ ਜਹਾਜ਼ ਹਾਦਸੇ ਦਾ ਸ਼ਿਕਾਰ, 2 ਪਾਇਲਟਾਂ ਦੀ ਹਾਲਤ ਗੰਭੀਰ

ਦੱਸਣਯੋਗ ਹੈ ਕਿ ਚਪੜਾਸੀ ਲਈ ਚੁਣੇ ਗਏ ਮੰਤਰੀ ਦੇ ਪੁੱਤ ਮੁਕੇਸ਼ ਭੋਕਤਾ ਦਾ ਵਿਆਹ ਪਿਛਲੇ ਸਾਲ ਧੂਮਧਾਮ ਨਾਲ ਹੋਇਆ ਸੀ। ਵਿਆਹ ਪ੍ਰੋਗਰਾਮ 'ਚ ਮੁੱਖ ਮੰਤਰੀ ਹੇਮੰਤ ਸੋਰੇਨ ਖ਼ੁਦ ਸ਼ਾਮਲ ਹੋਏ ਸਨ। ਮੰਤਰੀ ਪੁੱਤ ਵਲੋਂ ਚੌਥੀ ਸ਼੍ਰੇਣੀ ਅਹੁਦੇ ਦੀ ਨੌਕਰੀ ਸਵੀਕਾਰ ਕੀਤੇ ਜਾਣ 'ਤੇ ਸੋਸ਼ਲ ਮੀਡੀਆ 'ਤੇ ਤਰ੍ਹਾਂ-ਤਰ੍ਹਾਂ ਦੀ ਚਰਚਾ ਚੱਲ ਰਹੀ ਹੈ। ਸੱਤਿਆਨੰਦ ਭੋਕਤਾ ਚਤਰਾ ਵਿਧਾਨ ਸਭਾ ਸੀਟ ਦੇ ਵਿਧਾਇਕ ਹਨ। ਰਾਜ 'ਚ ਹੇਮੰਤ ਸੋਰੇਨ ਦੀ ਅਗਵਾਈ ਵਾਲੀ ਗਠਜੋੜ ਸਰਕਾਰ 'ਚ ਉਹ 2019 'ਚ ਇਸ ਵਿਭਾਗ ਦੇ ਮੰਤਰੀ ਬਣਾਏ ਗਏ। ਭੋਕਤਾ ਹੁਣ ਤੱਕ 3 ਵਾਰ ਵਿਧਾਇਕ ਚੁਣੇ ਗਏ ਹਨ ਅਤੇ ਤੀਜੀ ਵਾਰ ਮੰਤਰੀ ਵੀ ਬਣੇ ਹਨ। ਰਾਜਦ ਤੋਂ ਪਹਿਲਾਂ ਉਹ ਭਾਜਪਾ ਅਤੇ ਝਾਰਖੰਡ ਵਿਕਾਸ ਮੋਰਚਾ 'ਚ ਰਹੇ ਹਨ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

cherry

Content Editor

Related News