''ਫਲਾਈਂਗ ਸਿੱਖ'' ਮਿਲਖਾ ਸਿੰਘ ਨੇ ਨੌਜਵਾਨਾਂ ਨੂੰ ਕੀਤੀ ਖਾਸ ਅਪੀਲ
Sunday, Nov 22, 2015 - 12:47 PM (IST)

ਨਵੀਂ ਦਿੱਲੀ— ਫਲਾਈਂਗ ਸਿੱਖ ਕਹੇ ਜਾਣ ਵਾਲੇ ਮਿਲਖਾ ਸਿੰਘ ਨੂੰ ਕੌਣ ਨਹੀਂ ਜਾਣਦਾ। ਖੇਡਾਂ ''ਚ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ਮਿਲਖਾ ਸਿੰਘ ਉਮਰ ਦੇ ਵੱਧਦੇ ਪੜਾਅ ਦੇ ਬਾਵਜੂਦ ਸਿਹਤਮੰਦ ਹਨ ਅਤੇ ਹਰ ਇਕ ਨੌਜਵਾਨ ਨੂੰ ਇਹ ਕਹਿ ਰਹੇ ਹਨ ਕਿ ਮੈਂ ਮਰਨ ਤੋਂ ਪਹਿਲਾਂ ਦੇਖਣਾ ਚਾਹੁੰਦਾ ਹਾਂ ਕਿ ਓਲੰਪਿਕ ''ਚ ਕੋਈ ਮਿਲਖਾ ਸਿੰਘ ਦੌੜਦੇ ਹੋਏ ਭਾਰਤ ਦੇ ਨਾਂ ਤਮਗਾ ਲੈ ਕੇ ਆਵੇ। ਉਨ੍ਹਾਂ ਕਿਹਾ ਕਿ ਜੇਕਰ ਜ਼ਿੰਦਗੀ ਵਿਚ ਠਾਣ ਲਿਆ ਜਾਵੇ ਤਾਂ ਕੁਝ ਵੀ ਅਸੰਭਵ ਨਹੀਂ ਹੈ। ਮੈਂ 80 ਸਾਲ ਦਾ ਹਾਂ ਪਰ ਡਾਕਟਰ ਕੋਲ ਨਹੀਂ ਜਾਂਦਾ। ਜੇਕਰ ਮੈਨੂੰ ਸਿਰਦਰਦ ਜਾਂ ਕੋਈ ਤਕਲੀਫ ਹੁੰਦੀ ਹੈ ਤਾਂ ਮੈਂ ਕਸਰਤ ਅਤੇ ਦੌੜ ਲਗਾਉਂਦਾ ਹਾਂ।
ਸ਼ਨੀਵਾਰ ਨੂੰ ਨਵੀਂ ਦਿੱਲੀ ''ਚ ਇੰਡੀਆ ਹੈਬੀਟੇਟ ਸੈਂਟਰ ''ਚ ਅਕੈਡਮੀ ਫਾਰ ਫੈਮਿਲੀ ਫਿਜੀਸ਼ਅਨ ਆਫ ਇੰਡੀਆ ਵਲੋਂ ਫੈਮਿਲੀ ਮੈਡੀਸਨ ਅਤੇ ਮੁੱਢਲੇ ਇਲਾਜ ਕਾਨਫਰੰਸ ਦਾ ਆਗਾਜ਼ ਹੋਇਆ। ਉਦਘਾਟਨ ਮੌਕੇ ''ਤੇ ਮਿਲਖਾ ਨੇ ਮਸ਼ਾਲ ਜਲਾ ਕੇ ਰਨ ਫਾਰ ਫੈਮਿਲੀ ਹੈੱਲਥ ਦੀ ਸ਼ੁਰੂਆਤ ਕੀਤੀ। ਮਿਲਖਾ ਸਿੰਘ ਰਨ ਫਾਰ ਫੈਮਿਲੀ ਹੈੱਲਥ ਮੁਹਿੰਮ ਦੇ ਉਦਘਾਟਨ ਮੌਕੇ ''ਤੇ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ। ਮਿਲਖਾ ਸਿੰਘ ਦੇ ਇਸ ਮੁਹਿੰਮ ਨਾਲ ਜੁੜਨ ਦਾ ਮੁੱਖ ਉਦੇਸ਼ ਹਰ ਉਮਰ ਦੇ ਲੋਕਾਂ ਨੂੰ ਇਹ ਸੰਦੇਸ਼ ਦੇਣਾ ਹੈ ਕਿ ਹਰ ਉਮਰ ਦੇ ਲੋਕ ਰੋਜ਼ਾਨਾ ਦੌੜ ਲਾ ਕੇ ਬੀਮਾਰੀਆਂ ਤੋਂ ਬੱਚ ਸਕਦੇ ਹਨ।