ਗੋਆ 'ਚ ਭਾਰਤੀ ਜਲ ਸੈਨਾ ਦਾ ਮਿਗ-29ਕੇ ਜਹਾਜ਼ ਹੋਇਆ ਹਾਦਸੇ ਦਾ ਸ਼ਿਕਾਰ

02/23/2020 1:31:30 PM

ਗੋਆ— ਭਾਰਤੀ ਜਲ ਸੈਨਾ ਦਾ ਇਕ ਮਿਗ-29ਕੇ ਜਹਾਜ਼ ਅੱਜ ਭਾਵ ਐਤਵਾਰ ਦੀ ਸਵੇਰ ਨੂੰ ਗੋਆ 'ਚ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਭਾਰਤੀ ਜਲ ਸੈਨਾ ਦੇ ਇਕ ਬੁਲਾਰੇ ਨੇ ਦੱਸਿਆ ਕਿ ਪਾਇਲਟ ਜਹਾਜ਼ 'ਚੋਂ ਸੁਰੱਖਿਅਤ ਬਾਹਰ ਨਿਕਲ ਆਇਆ। ਨਾਲ ਹੀ ਕਿਹਾ ਗਿਆ ਕਿ ਹਾਦਸੇ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਜਹਾਜ਼ ਰੋਜ਼ਾਨਾ ਸਿਖਲਾਈ ਉਡਾਣ 'ਤੇ ਸੀ। ਇਹ ਸਵੇਰੇ ਕਰੀਬ 10.30 ਵਜੇ ਗੋਆ ਤੱਟ ਦੇ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਿਆ।

ਬੁਲਾਰੇ ਨੇ ਇਕ ਟਵੀਟ 'ਚ ਕਿਹਾ ਕਿ ਜਹਾਜ਼ ਦਾ ਪਾਇਲਟ ਸੁਰੱਖਿਅਤ ਬਾਹਰ ਨਿਕਲ ਆਇਆ ਅਤੇ ਉਸ ਦੀ ਹਾਲਤ ਠੀਕ ਹੈ। ਘਟਨਾ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਹਨ। ਉਨ੍ਹਾਂ ਨੇ ਇਕ ਨਿਊਜ਼ ਏਜੰਸੀ ਨੂੰ ਦੱਸਿਆ ਕਿ ਦੋ ਇੰਜਣ ਵਾਲੇ ਇਕ ਸੀਟ ਦੇ ਜਹਾਜ਼ 'ਚ ਕੁਝ ਤਕਨੀਕੀ ਖਰਾਬੀ ਆ ਗਈ, ਜਿਸ ਕਾਰਨ ਇਹ ਹਾਦਸੇ ਦਾ ਸ਼ਿਕਾਰ ਹੋ ਗਿਆ। ਜਹਾਜ਼ ਨੇ ਗੋਆ ਦੇ ਵਾਸਕੋ ਸਥਿਤ ਆਈ. ਐੱਨ. ਐੱਸ. ਹੰਸਾ ਅੱਡੇ ਤੋਂ ਉਡਾਣ ਭਰੀ ਸੀ। ਗੋਆ ਵਿਚ ਪਿਛਲੇ ਤਿੰਨ ਮਹੀਨਿਆਂ ਤੋਂ ਮਿਗ-29ਕੇ ਦੇ ਹਾਦਸੇ ਦਾ ਸ਼ਿਕਾਰ ਹੋਣ ਦਾ ਇਹ ਦੂਜਾ ਮਾਮਲਾ ਹੈ। ਪਿਛਲੇ ਸਾਲ 16 ਨਵੰਬਰ ਨੂੰ, ਮਿਗ-29ਕੇ ਦਾ ਸਿਖਲਾਈ ਜਹਾਜ਼ ਦੱਖਣੀ ਗੋਆ ਜ਼ਿਲੇ ਦੇ ਵਰਨਾ ਪਿੰਡ ਦੇ ਬਾਹਰ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਉਸ ਸਮੇਂ ਵੀ ਦੋਵੇਂ ਪਾਇਲਟ ਸੁਰੱਖਿਅਤ ਬਾਹਰ ਨਿਕਲ ਆਏ ਸਨ।


Tanu

Content Editor

Related News