ਦਿੱਲੀ ਦੀ ਤਰ੍ਹਾਂ ਜੰਮੂ ਅਤੇ ਸ਼੍ਰੀਨਗਰ ’ਚ ਵੀ ਦੌੜੇਗੀ ਮੈਟਰੋ
Friday, Feb 07, 2020 - 12:17 AM (IST)

ਜੰਮੂ – ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਦੌੜਨ ਵਾਲੀ ਮੈਟਰੋ ਟਰੇਨ ਦੀ ਤਰ੍ਹਾਂ ਜੰਮੂ ਅਤੇ ਸ਼੍ਰੀਨਗਰ ਵਿਚ ਹੁਣ ਐਲੀਵੇਟਿਡ ਲਾਈਟ ਰੇਲ ਸਿਸਟਮ (ਐੱਲ. ਆਰ. ਟੀ. ਐੱਸ.) ਸਥਾਪਿਤ ਕੀਤਾ ਜਾਵੇਗਾ। ਇਹ ਫੈਸਲਾ ਇਥੇ ਲੈਫ. ਗਵਰਨਰ ਜੀ. ਸੀ. ਮੁਰਮੁ ਦੀ ਪ੍ਰਧਾਨਗੀ ਵਿਚ ਪ੍ਰਸ਼ਾਸਨਿਕ ਕੌਂਸਲ ਦੀ ਮੀਟਿੰਗ ਵਿਚ ਲਿਆ ਗਿਆ। ਜੰਮੂ ਵਿਚ ਐੱਲ. ਆਰ. ਟੀ. ਐੱਸ. ਦਾ ਇਕ ਕਾਰੀਡੋਰ ਬਨਤਾਲਾਬ ਤੋਂ ਬੜੀ ਬ੍ਰਾਹਮਣਾਂ ਦੇ ਦਰਮਿਆਨ ਹੋਵੇਗੀ, ਜਿਸ ਦੀ ਲੰਬਾਈ 23 ਕਿਲੋਮੀਟਰ ਹੋਵੇਗੀ।
ਐੱਲ.ਆਰ. ਟੀ. ਐੱਸ. ਦੇ ਸ਼੍ਰੀਨਗਰ ਵਿਚ 2 ਕਾਰੀਡੋਰ ਬਣਾਏ ਜਾਣਗੇ। ਇਕ ਇੰਦਰਾ ਨਗਰ ਤੋਂ ਐੱਚ. ਐੱਮ. ਟੀ. ਜੰਕਸ਼ਨ ਤੱਕ, ਦੂਜਾ ਉਸਮਾਨਾਬਾਦ ਤੋਂ ਹਜ਼ੂਰੀ ਬਾਗ ਤੱਕ ਹੋਵੇਗਾ। ਦੋਵਾਂ ਦੀ ਸੰਯੁਕਤ ਲੰਬਾਈ 25 ਕਿਲੋਮੀਟਰ ਹੋਵੇਗੀ।
ਇਸ ਸਮੇਂ ਪ੍ਰਾਜੈਕਟ ਦੀ ਕੀਮਤ ਜੰਮੂ ਵਿਚ 4825 ਕਰੋੜ ਅਤੇ ਸ਼੍ਰੀਨਗਰ ਵਿਚ 5734 ਕਰੋੜ ਅਾਂਕੀ ਗਈ ਹੈ। ਇਸ ਵਿਚ ਜ਼ਮੀਨ ਦੀ ਕੀਮਤ ਸ਼ਾਮਲ ਹੈ। ਰਾਜ ਦੇ ਹਾਊਸਿੰਗ ਐਂਡ ਅਰਬਨ ਡਿਵੈੱਲਪਮੈਂਟ ਵਿਭਾਗ ਨੇ ਇਸਦੀ ਡੀ. ਪੀ.ਆਰ. ਤਿਆਰ ਕਰ ਲਈ ਹੈ। ਪ੍ਰਾਜੈਕਟ ਨੂੰ ਪੂਰਾ ਕਰਨ ਦਾ ਸਮਾਂ 4 ਸਾਲ ਰੱਖਿਆ ਗਿਆ ਹੈ ਅਤੇ ਇਸਨੂੰ ਦਸੰਬਰ 2024 ਤੱਕ ਪੂਰਾ ਕਰਨ ਦਾ ਟੀਚਾ ਹੈ।