ਕਾਂਗਰਸ ਨੇ ਰਾਸ਼ਟਰਪਤੀ ਚੋਣ ਲਈ ਖੇਡਿਆ ਦਲਿਤ ਕਾਰਡ, 27 ਨੂੰ ਮੀਰਾ ਕੁਮਾਰ ਭਰੇਗੀ ਨਾਮਜ਼ਦਗੀ ਪੱਤਰ

06/22/2017 8:24:25 PM

ਨਵੀਂ ਦਿੱਲੀ— ਕਈ ਤਰ੍ਹਾਂ ਦੀਆਂ ਕਿਆਸ ਅਰਾਈਆਂ ਤੋਂ ਬਾਅਦ ਆਖਿਰਕਾਰ ਵਿਰੋਧੀ ਧਿਰ ਨੇ ਸੱਤਾ 'ਤੇ ਕਾਬਜ਼ ਐਨ. ਡੀ. ਏ. ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਰਾਮਨਾਥ ਕੋਵਿੰਦ ਖਿਲਾਫ ਮੀਰਾ ਕੁਮਾਰ ਦੇ ਨਾਂ ਦਾ ਐਲਾਨ ਹੋਇਆ ਹੈ। ਹਾਲਾਂਕਿ ਵਿਰੋਧੀ ਧਿਰ ਦੇ ਇਸ ਕਦਮ ਤੋਂ ਬਾਅਦ ਯੂ. ਪੀ. ਏ. ਦੇ ਉਮੀਦਵਾਰ ਕੋਵਿੰਦ ਨੂੰ ਬਹੁਤ ਵੱਡੀ ਚੁਣੌਤੀ ਨਹੀਂ ਮਿਲਣ ਵਾਲੀ, ਇਸ ਨੂੰ ਸਿਰਫ ਰਸਮੀ ਕਦਮ ਨਹੀਂ ਕਿਹਾ ਜਾਵੇਗਾ। 
ਮੰਨਿਆ ਜਾ ਰਿਹਾ ਹੈ ਕਿ ਉਮੀਦਵਾਰ ਰਾਮਨਾਥ ਕੋਵਿੰਦ ਦੇ ਮੁਕਾਬਲੇ ਦਲਿਤ ਅਤੇ ਮਹਿਲਾ ਉਮੀਦਵਾਰ ਖੜਾ ਕਰਨ ਪਿੱਛੇ ਵਿਰੋਧੀ ਧਿਰ ਦੀ ਏਕਤਾ ਨੂੰ ਬਣਾਈ ਰੱਖਣਾ ਹੈ। ਦੱਸ ਦਈਏ ਕਿ ਕੋਵਿੰਦ 23 ਜੂਨ ਨੂੰ ਆਪਣੀ ਨਾਮਜ਼ਦਗੀ ਭਰਨਗੇ। ਉਥੇ ਹੀ ਵਿਰੋਧੀ ਧਿਰ ਵਲੋਂ ਮੀਰਾ ਕੁਮਾਰ 27 ਜੂਨ ਨੂੰ ਨਾਮਜ਼ਦਗੀ ਭਰੇਗੀ। ਇਸ ਤੋਂ ਪਹਿਲਾਂ ਸੋਨੀਆ ਗਾਂਧੀ ਨੇ ਵੀਰਵਾਰ ਨੂੰ ਪਹਿਲਾਂ ਤੋਂ ਤੈਅ ਵਿਰੋਧੀ ਧਿਰ ਦੀ ਮੀਟਿੰਗ ਸੰਸਦ ਦੀ ਲਾਈਬ੍ਰੇਰੀ 'ਚ ਬੁਲਾਈ ਸੀ, ਜਿਸ 'ਚ ਇਹ ਫੈਸਲਾ ਲਿਆ ਗਿਆ। ਮੀਟਿੰਗ ਤੋਂ ਪਹਿਲਾਂ ਕਾਂਗਰਸ ਦੇ ਸੀਨੀਅਰ ਨੇਤਾ ਗੁਲਾਮ ਨਬੀ ਆਜ਼ਾਦ ਅਤੇ ਅਹਿਮਦ ਪਟੇਲ ਨੇ 10 ਜਨਪਥ ਪਹੁੰਚ ਕੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ ਸੀ। ਨਾਲ ਹੀ ਮੀਰਾ ਕੁਮਾਰ ਨੇ ਵੀ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰ ਬਣਾਏ ਜਾਣ ਦੀ ਕੋਸ਼ਿਸ਼ ਨੇ ਜ਼ੋਰ ਫੜ ਲਿਆ ਸੀ। ਖਬਰਾਂ ਮੁਤਾਬਕ ਵਿਰੋਧੀ ਧਿਰ ਜਿਨ੍ਹਾਂ ਨਾਮਾਂ 'ਤੇ ਚਰਚਾ ਕਰ ਰਿਹਾ ਸੀ, ਉਨ੍ਹਾਂ 'ਚ ਸਾਬਕਾ ਲੋਕ ਸਭਾ ਸਪੀਕਰ ਮੀਰਾ ਕੁਮਾਰ, ਸਾਬਕਾ ਕੇਂਦਰੀ ਮੰਤਰੀ ਸੁਸ਼ੀਲ ਕੁਮਾਰ ਸ਼ਿੰਦੇ, ਐਮ. ਐਸ. ਸਵਾਮੀਨਾਥਨ ਤੋਂ ਇਲਾਵਾ ਹੋਰ ਸ਼ਾਮਲ ਸਨ। 
ਦੂਜੇ ਪਾਸੇ ਰਾਮਨਾਥ ਕੋਵਿੰਦ ਲਈ ਬਿਹਾਰ ਦੇ ਮੁੱਖ ਮੰਤਰੀ ਨੀਤਿਸ਼ ਕੁਮਾਰ ਦੀ ਹਮਾਇਤ ਕਈ ਧਾਕੜ ਨੇਤਾਵਾਂ ਨੂੰ ਰਾਸ ਨਹੀਂ ਆ ਰਹੀ ਹੈ। ਇਸ ਕ੍ਰਮ 'ਚ ਲਾਲੂ ਪ੍ਰਸਾਦ ਯਾਦਵ ਸਭ ਤੋਂ ਅੱਗੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਨੀਤਿਸ਼ ਕੁਮਾਰ ਨਾਲ ਗੱਲ ਕਰਣਗੇ ਅਤੇ ਉਨ੍ਹਾਂ ਨੂੰ ਇਤਿਹਾਸਕ ਗਲਤੀ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕਰਨਗੇ। ਲਾਲੂ ਪ੍ਰਸਾਦ ਯਾਦਵ ਨੇ ਕਿਹਾ ਕਿ ਇਸ ਮਾਮਲੇ 'ਤੇ ਉਸ ਦੀ ਨੀਤਿਸ਼ ਕੁਮਾਰ ਨਾਲ ਗੱਲ ਹੋਈ ਸੀ। ਨੀਤਿਸ਼ ਕੁਮਾਰ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਉਨ੍ਹਾਂ ਦਾ ਨਿੱਜੀ ਫੈਸਲਾ ਹੈ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕਿਹਾ ਕਿ ਮੈਂ ਵਿਰੋਧੀ ਧਿਰ ਦੇ ਸਾਰੇ ਦਲਾਂ ਨੂੰ ਅਪੀਲ ਕਰਦੀ ਹਾਂ ਕਿ ਉਹ ਆਪਣਾ ਪੂਰਾ ਸਹਿਯੋਗ ਮੀਰਾ ਕੁਮਾਰ ਨੂੰ ਦੇਣ। 


Related News