ਮਹਿਬੂਬਾ ਨੇ ਪੰਪੋਰ ਮੁਕਾਬਲੇ ਨੂੰ ਦੱਸਿਆ ਮਨੁੱਖੀ ਅਧਿਕਾਰ ਦਾ ਉਲੰਘਣ, ਨਿਰਪੱਖ ਜਾਂਚ ਦੀ ਮੰਗ ਕੀਤੀ

01/01/2021 3:41:48 PM

ਸ਼੍ਰੀਨਗਰ- ਪੀਪਲਜ਼ ਡੈਮੋਕ੍ਰਟਿਕ ਪਾਰਟੀ (ਪੀ.ਡੀ.ਪੀ.) ਨੇਤਾ ਮਹਿਬੂਬਾ ਮੁਫ਼ਤੀ ਨੇ ਸ਼੍ਰੀਨਗਰ 'ਚ 2 ਦਿਨ ਪਹਿਲਾਂ ਹੋਏ ਫਰਜ਼ੀ ਮੁਕਾਬਲੇ 'ਚ ਤਿੰਨ ਨੌਜਵਾਨਾਂ ਦੇ ਮਾਰੇ ਜਾਣ ਦੇ ਮਾਮਲੇ 'ਚ ਸ਼ੁੱਕਰਵਾਰ ਨੂੰ ਨਿਰਪੱਖ ਜਾਂਚ ਅਤੇ ਲਾਸ਼ਾਂ ਨੌਜਵਾਨਾਂ ਦੇ ਪਰਿਵਾਰ ਵਾਲਿਆਂ ਨੂੰ ਸੌਂਪਣ ਦੀ ਮੰਗ ਕੀਤੀ। ਮੁਫ਼ਤੀ ਨੇ ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੂੰ ਚਿੱਠੀ ਲਿਖ ਕੇ ਕਿਹਾ ਕਿ ਅਜਿਹੀਆਂ ਘਟਨਾਵਾਂ ਨਾਲ ਹਥਿਆਰਬੰਦ ਫ਼ੋਰਸਾਂ ਦੀ ਬਦਨਾਮੀ ਹੁੰਦੀ ਹੈ ਅਤੇ ਇਹ ਮਨੁੱਖੀ ਅਧਿਕਾਰ ਦਾ ਗੰਭੀਰ ਉਲੰਘਣ ਹੈ। ਉਨ੍ਹਾਂ ਨੇ ਕਿਹਾ,''ਮੈਨੂੰ ਯਕੀਨ ਹੈ ਕਿ ਤੁਸੀਂ 30 ਦਸੰਬਰ ਨੂੰ ਪਰਿਮਪੋਰਾ ਦੀ ਮੰਦਭਾਗੀ ਘਟਨਾ ਤੋਂ ਜਾਣੂੰ ਹੋ। ਤਿੰਨ ਮੁੰਡੇ ਮਾਰੇ ਗਏ, ਉਸ 'ਚ ਇਕ ਦੀ ਉਮਰ 17 ਸਾਲ ਸੀ। ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਇਹ ਸੋਚਿਆ ਸਮਝਿਆ ਮੁਕਾਬਲਾ ਸੀ।'' 

ਮਹਿਬੂਬਾ ਨੇ ਕਿਹਾ,''ਇਸ ਮੁਕਾਬਲੇ 'ਤੇ ਵੀ ਸਵਾਲ ਚੁਕੇ ਜਾ ਰਹੇ ਹਨ ਅਤੇ ਪੁਲਸ ਤੇ ਫ਼ੋਰਸ ਵੱਲੋਂ ਵਿਰੋਧ ਭਰੀ ਰਿਪੋਰਟ ਆਈ ਹੈ। ਤੁਰੰਤ ਕਾਰਵਾਈ ਹੋਣ 'ਤੇ ਹੀ ਇਨਸਾਫ਼ ਹੋਵੇਗਾ ਅਤੇ ਇਸ ਲਈ ਮੈਂ ਤੁਹਾਡੇ ਤੋਂ ਇਸ ਮਾਮਲੇ 'ਚ ਤੁਰੰਤ ਨਿਰਪੱਖ ਜਾਂਚ ਸ਼ੁਰੂ ਕਰਵਾਉਣ ਦੀ ਅਪੀਲ ਕਰਦੀ ਹਾਂ।'' ਪੁਲਸ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਸੀ ਕਿ ਪੰਪੋਰ ਇਲਾਕੇ 'ਚ ਦੇਰ ਰਾਤ ਮੁਕਾਬਲੇ 'ਚ 3 ਅੱਤਵਾਦੀ ਮਾਰੇ ਗਏ ਪਰ ਮਾਰੇ ਗਏ ਨੌਜਵਾਨਾਂ ਦੇ ਪਰਿਵਾਰ ਵਾਲਿਆਂ ਨੇ ਕਿਹਾ ਕਿ ਅੱਤਵਾਦੀ ਗਤੀਵਿਧੀਆਂ 'ਚ ਉਹ ਸ਼ਾਮਲ ਨਹੀਂ ਸੀ ਅਤੇ ਉਨ੍ਹਾਂ 'ਚੋਂ 2 ਵਿਦਿਆਰਥੀ ਸਨ। ਮਹਿਬੂਬਾ ਨੇ ਕਿਹਾ ਕਿ ਇਹ ਘਟਨਾ ਅਜਿਹੇ ਸਮੇਂ ਹੋਈ ਹੈ ਕਿ ਜਦੋਂ ਪਿਛਲੇ ਸਾਲ ਸ਼ੋਪੀਆ ਦੇ ਅਮਸ਼ੀਪੁਰਾ 'ਚ ਫਰਜ਼ੀ ਮੁਕਾਬਲੇ 'ਚ ਰਾਜੌਰੀ ਦੇ ਤਿੰਨ ਲੋਕਾਂ ਦੇ ਮਾਰੇ ਜਾਣ ਦੀ ਘਟਨਾ ਦੇ ਮਾਮਲੇ 'ਚ ਇਕ ਫ਼ੌਜ ਅਧਿਕਾਰੀ ਅਤੇ 2 ਹੋਰ ਕਰਮੀਆਂ ਵਿਰੁੱਧ ਪੁਲਸ ਨੇ ਦੋਸ਼ ਪੱਤਰ ਦਾਖ਼ਲ ਕੀਤਾ ਹੈ। ਮੁਫ਼ਤੀ ਨੇ ਚਿੱਠੀ 'ਚ ਲਿਖਿਆ ਹੈ,''ਉਮੀਦ ਹੈ ਤੁਸੀਂ ਪਰਿਵਾਰ ਵਾਲਿਆਂ ਨੂੰ ਉਨ੍ਹਾਂ ਦੇ ਅੰਤਿਮ ਦਰਸ਼ਨ ਕਰਨ ਦੇਵੋਗੇ। ਆਪਣੇ ਪੁੱਤਾਂ ਨੂੰ ਗਵਾ ਚੁਕੀਆਂ ਮਾਂਵਾਂ ਨੂੰ ਆਖ਼ਰੀ ਵਾਰ ਉਨ੍ਹਾਂ ਦਾ ਚਿਹਰਾ ਦੇਖਣ ਤੋਂ ਵਾਂਝੇ ਨਾ ਕਰਨਾ। ਮੁਫ਼ਤੀ ਨੇ ਸਿਨਹਾ ਨੂੰ ਮਾਮਲੇ 'ਚ ਦਖ਼ਲਅੰਦਾਜ਼ੀ ਕਰਨ ਅਤੇ ਪਰਿਵਾਰ ਨੂੰ ਉਨ੍ਹਾਂ ਦੀ ਆਖ਼ਰੀ ਇੱਛਾ ਅਨੁਸਾਰ ਅੰਤਿਮ ਸੰਸਕਾਰ ਕਰਨ ਦਾ ਮੌਕਾ ਦੇਣ ਲਈ ਕਿਹਾ।


DIsha

Content Editor

Related News