ਕੇਰਲ ’ਚ ਮੈਡੀਕਲ ਦੀਆਂ ਵਿਦਿਆਰਥਣਾਂ ਨੇ ਆਪ੍ਰੇਸ਼ਨ ਥੀਏਟਰ ’ਚ ਹਿਜਾਬ ਪਹਿਣਨ ਦੀ ਇਜਾਜ਼ਤ ਮੰਗੀ
Thursday, Jun 29, 2023 - 10:45 AM (IST)

ਤਿਰੁਵਨੰਤਪੁਰਮ (ਭਾਸ਼ਾ)- ਤਿਰੁਵਨੰਤਪੁਰਮ ਦੇ ਸਰਕਾਰੀ ਮੈਡੀਕਲ ਕਾਲਜ ’ਚ ਐੱਮ.ਬੀ.ਬੀ.ਐੱਸ. ਦੀ ਪੜਾਈ ਕਰ ਰਹੀਆਂ ਮੁਸਲਿਮ ਵਿਦਿਆਰਥਣਾਂ ਦੇ ਇਕ ਗਰੁੱਪ ਨੇ ਆਪ੍ਰੇਸ਼ਨ ਥੀਏਟਰ ਦੇ ਅੰਦਰ ਹਿਜਾਬ ਪਹਿਣਨ ਦੀ ਇਜਾਜ਼ਤ ਨਾ ਦਿੱਤੇ ਜਾਣ ’ਤੇ ਚਿੰਤਾ ਜਤਾਈ ਹੈ ਅਤੇ ਛੇਤੀ ਤੋਂ ਛੇਤੀ ਲੰਬੀਆਂ ਬਾਹਵਾਂ ਵਾਲੇ ਸਕ੍ਰਬ ਜੈਕੇਟ ਅਤੇ ਸਰਜੀਕਲ ਹੁੱਡ ਪਹਿਣਨ ਦੀ ਇਜਾਜ਼ਤ ਦਿੱਤੇ ਜਾਣ ਦੀ ਮੰਗ ਕੀਤੀ ਹੈ। ਸਾਲ 2020 ਬੈਚ ਦੀਆਂ ਵਿਦਿਆਰਥਣਾਂ ਨੇ ਇਸ ਮੁੱਦੇ ’ਤੇ 26 ਜੂਨ ਨੂੰ ਪ੍ਰਿੰਸੀਪਲ ਡਾ. ਲਿਨੇਟ ਜੇ. ਮੌਰਿਸ ਨੂੰ ਇਕ ਪੱਤਰ ਲਿਖਿਆ। ਪੱਤਰ ’ਤੇ ਕਾਲਜ ਦੇ ਵੱਖ-ਵੱਖ ਬੈਚ ਦੀਆਂ 6 ਹੋਰ ਮੈਡੀਕਲ ਦੀਆਂ ਵਿਦਿਆਰਥਣਾਂ ਦੇ ਹਸਤਾਖਰ ਵੀ ਹਨ। ਪੱਤਰ ’ਚ ਵਿਦਿਆਰਥਣਾਂ ਨੇ ਸ਼ਿਕਾਇਤ ਕੀਤੀ ਹੈ ਕਿ ਉਨ੍ਹਾਂ ਨੂੰ ਆਪ੍ਰੇਸ਼ਨ ਥੀਏਟਰ ਦੇ ਅੰਦਰ ਸਿਰ ਢੱਕਣ ਦੀ ਇਜਾਜ਼ਤ ਨਹੀਂ ਦਿੱਤੀ ਗਈ।
ਉਨ੍ਹਾਂ ਕਿਹਾ,''ਸਾਡੀਆਂ ਧਾਰਮਿਕ ਮਾਨਤਾਵਾਂ ਅਨੁਸਾਰ ਮੁਸਲਿਮ ਔਰਤਾਂ ਲਈ ਹਰ ਹਾਲਤ ’ਚ ਹਿਜਾਬ ਪਹਿਣਨਾ ਜ਼ਰੂਰੀ ਹੈ। ਹਿਜਾਬ ਵਾਲੀਆਂ ਵਿਦਿਆਰਥਣਾਂ ਨੂੰ ਹਸਪਤਾਲ ਅਤੇ ਆਪ੍ਰੇਸ਼ਨ ਰੂਮ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਧਾਰਮਿਕ ਪੋਸ਼ਾਕ ਪਹਿਣਨ ਅਤੇ ਸਨਮਾਨ ਬਣਾਏ ਰੱਖਣ ਵਿਚਾਲੇ ਸੰਤੁਲਨ ਬਣਾਉਣ ’ਚ ਮੁਸ਼ਕਿਲ ਹੁੰਦੀ ਹੈ।'' ਵਿਦਿਆਰਥਣਾਂ ਨੇ ਦੱਸਿਆ ਕਿ ਦੁਨੀਆ ਦੇ ਹੋਰ ਹਿੱਸਿਆਂ ’ਚ ਹਸਪਤਾਲ ਦੇ ਕਰਮਚਾਰੀਆਂ ਲਈ ਮੁਹੱਇਆ ਬਦਲਾਂ ਦੇ ਆਧਾਰ ’ਤੇ ਇਸ ਦਾ ਹੱਲ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਉਹ ਚਾਹੁੰਦੀਆਂ ਹਨ ਕਿ ਪ੍ਰਿੰਸੀਪਲ ਛੇਤੀ ਤੋਂ ਛੇਤੀ ਇਸ ਮਸਲੇ ’ਤੇ ਗੌਰ ਕਰਨ। ਪੱਤਰ ਮਿਲਣ ਦੀ ਪੁਸ਼ਟੀ ਕਰਦੇ ਹੋਏ ਪ੍ਰਿੰਸੀਪਲ ਮੌਰਿਸ ਨੇ ਕਿਹਾ ਕਿ ਉਨ੍ਹਾਂ ਵਿਦਿਆਰਥਣਾਂ ਨੂੰ ਆਪ੍ਰੇਸ਼ਨ ਥੀਏਟਰ ਦੇ ਅੰਦਰ ਤੈਅ ਢੰਗ-ਤਰੀਕਿਆਂ ਦੀ ਪਾਲਣਾ ਕਰਨ ਅਤੇ ਮੌਜੂਦਾ ਵਿਸ਼ਵ ਪੱਧਰੀ ਮਨਜ਼ੂਰਸ਼ੁਦਾ ‘ਡਰੈੱਸ ਕੋਡ’ ਦੀ ਪਾਲਣਾ ਕਰਨ ਦੀਆਂ ਲੋੜਾਂ ਬਾਰੇ ਸਮਝਾਇਆ।