ਇਕ ਸਿਲੰਡਰ ਨਾਲ ਜੁੜੀਆਂ 2 ਜ਼ਿੰਦਗੀਆਂ, ਨਹੀਂ ਮਿਲਿਆ ਸਟ੍ਰੈਚਰ, ਗੋਦ ’ਚ ਚੁੱਕ ਕੇ ਭਟਕੇ ਮਾਪੇ
Monday, Oct 07, 2024 - 12:54 AM (IST)
ਝਾਂਸੀ- ਝਾਂਸੀ ਦੇ ਮਹਾਰਾਣੀ ਲਕਸ਼ਮੀਬਾਈ ਮੈਡੀਕਲ ਕਾਲਜ ਦੀ ਇਕ ਵੀਡੀਓ ਨੇ ਹਸਪਤਾਲ ਦੇ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ। ਵੀਡੀਓ ’ਚ ਨਜ਼ਰ ਆ ਰਿਹਾ ਹੈ ਕਿ 2 ਮਾਵਾਂ ਨੇ ਆਪਣੀਆਂ-ਆਪਣੀਆਂ ਮਾਸੂਮ ਬੱਚੀਆਂ ਨੂੰ ਗੋਦ ’ਚ ਚੁੱਕਿਆ ਹੋਇਆ ਹੈ ਅਤੇ ਉਨ੍ਹਾਂ ਦੇ ਮੂੰਹ ’ਚ ਆਕਸੀਜਨ ਲੱਗੀ ਹੈ। ਆਕਸੀਜਨ ਵਾਲਾ ਸਿਲੰਡਰ ਇਕ ਬੱਚੀ ਦਾ ਪਿਤਾ ਕਦੇ ਆਪਣੇ ਮੋਡੇ ’ਤੇ ਤਾਂ ਕਦੇ ਗੋਦ ’ਚ ਚੁੱਕ ਕੇ ਚੱਲ ਰਿਹਾ ਹੈ।
ਦਰਅਸਲ, ਦੋਵਾਂ ਬੱਚੀਆਂ ਨੂੰ ਐਮਰਜੈਂਸੀ ਵਾਰਡ ਤੋਂ ਐਕਸ-ਰੇ ਜਾਂਚ ਲਈ ਭੇਜਿਆ ਗਿਆ ਸੀ ਪਰ ਉਨ੍ਹਾਂ ਨੂੰ ਨਾ ਤਾਂ ਸਟ੍ਰੈਚਰ ਦਿੱਤਾ ਗਿਆ ਤੇ ਨਾ ਹੀ ਕੋਈ ਕਰਮਚਾਰੀ ਉਨ੍ਹਾਂ ਨਾਲ ਜਾਂਚ ਕਰਵਾਉਣ ਗਿਆ। ਉਹ ਇਸ ਹਾਲ ’ਚ ਲੱਗਭਗ ਇਕ ਘੰਟੇ ਤੱਕ ਜਾਂਚ ਲਈ ਭਟਕਦੇ ਰਹੇ ਅਤੇ ਮਾਸੂਮ ਬੱਚੇ ਤੜਫਦੇ ਰਹੇ।
ਹੁਣ ਮੈਡੀਕਲ ਪ੍ਰਸ਼ਾਸਨ ਵਾਰਡ ਬੁਆਏ ਦੀ ਗਲਤੀ ਦੱਸਦੇ ਹੋਏ ਪੱਲਾ ਝਾੜ ਰਿਹਾ ਹੈ। ਬਰੇਲੀ ਦੇ ਮੁਹੰਮਦ ਯਾਕੂਬ ਨੇ ਦੱਸਿਆ ਕਿ ਇਥੇ ਮੈਂ ਪਰਿਵਾਰ ਦੇ ਨਾਲ ਕਿਲੇ ਦੇ ਕੋਲ ਰਹਿੰਦਾ ਹਾਂ ਅਤੇ ਕਰਤਬ ਦਿਖਾਉਂਦਾ ਹਾਂ। ਮੇਰੀ 3 ਮਹੀਨਿਆਂ ਦੀ ਬੇਟੀ ਸ਼ਿਫਾ ਨੂੰ ਕੁਝ ਦਿਨਾਂ ਤੋਂ ਖਾਂਸੀ ਆ ਰਹੀ ਸੀ। ਸਿਹਤ ਵਿਗੜਨ ’ਤੇ ਸ਼ਨੀਵਾਰ ਸਵੇਰੇ ਮੈਡੀਕਲ ਕਾਲਜ ਦੇ ਐਮਰਜੈਂਸੀ ਵਾਰਡ ’ਚ ਲਿਆਂਦਾ ਗਿਆ। ਉੱਥੇ ਸ਼ਿਫਾ ਨੂੰ ਦਾਖ਼ਲ ਕਰ ਲਿਆ ਗਿਆ। ਲਾਗੇ ਹੀ ਇਕ ਔਰਤ ਦਇਆ ਦੇਵੀ ਦੀ 3 ਮਹੀਨਿਆਂ ਦੀ ਧੀ ਆਰਾਧਿਆ ਦਾਖਲ ਸੀ। ਦੋਵਾਂ ਬੱਚੀਆਂ ਨੂੰ ਆਕਸੀਜਨ ਲੱਗੀ ਸੀ। ਡਾਕਟਰ ਨੇ ਦੋਵਾਂ ਬੱਚੀਆਂ ਦੀ ਐਕਸ-ਰੇ ਜਾਂਚ ਕਰਵਾ ਕੇ ਲਿਆਉਣ ਲਈ ਕਿਹਾ। ਸਟਾਫ ਨੇ ਕਿਹਾ ਪੈਦਲ ਲੈ ਜਾਓ ਅਤੇ ਜਾਂਚ ਕਰਵਾ ਕੇ ਲੈ ਆਓ। ਪਤਾ ਹੀ ਨਹੀਂ ਸੀ, ਕਿੱਥੇ ਹੁੰਦੇ ਹਨ ਐਕਸ-ਰੇ। ਯਾਕੂਬ ਨੇ ਦੱਸਿਆ ਕਿ ਐਮਰਜੈਂਸੀ ਵਾਰਡ ਤੋਂ ਸਟ੍ਰੈਚਰ ਵੀ ਨਹੀਂ ਮਿਲਿਆ। ਨਾ ਹੀ ਕੋਈ ਕਰਮਚਾਰੀ ਨਾਲ ਚੱਲਣ ਨੂੰ ਤਿਆਰ ਹੋਇਆ।