ਚੀਨ ਨੇ ਪੂਰਬੀ ਲੱਦਾਖ ’ਚ ਸਰਹੱਦ ’ਤੇ ਹਾਲਾਤ ਬਦਲਣ ਦਾ ਕੀਤਾ ਯਤਨ : ਵਿਦੇਸ਼ ਮੰਤਰਾਲਾ
Tuesday, Mar 14, 2023 - 10:42 AM (IST)

ਨਵੀਂ ਦਿੱਲੀ, (ਭਾਸ਼ਾ)– ਭਾਰਤੀ ਵਿਦੇਸ਼ ਮੰਤਰਾਲਾ ਨੇ ਸੋਮਵਾਰ ਨੂੰ ਆਪਣੀ ਸਾਲਾਨਾ ਰਿਪੋਰਟ 2021-22 ਜਾਰੀ ਕੀਤੀ। ਇਸ ਵਿਚ ਮੰਤਰਾਲਾ ਨੇ ਭਾਰਤ ਅਤੇ ਚੀਨ ਦੇ ਦੋ-ਪੱਖੀ ਸੰਬੰਧਾਂ ਦਾ ਜ਼ਿਕਰ ਕੀਤਾ ਹੈ। ਮੰਤਰਾਲਾ ਨੇ ਕਿਹਾ ਕਿ ਚੀਨ ਨੇ ਪੂਰਬੀ ਲੱਦਾਖ ਵਿਚ ਐੱਲ. ਏ. ਸੀ. ਦੇ ਹਾਲਾਤ ਨੂੰ ਬਦਲਣ ਦੀ ਇਕਪਾਸੜ ਕੋਸ਼ਿਸ਼ ਕੀਤੀ। ਚੀਨ ਵਲੋਂ ਲਗਾਤਾਰ ਇਸ ਤਰ੍ਹਾਂ ਦੇ ਯਤਨ ਹੋਏ ਹਨ, ਜਿਸ ਕਾਰਨ ਭਾਰਤ-ਚੀਨ ਦੋ-ਪੱਖੀ ਸੰਬੰਧ ਪ੍ਰਭਾਵਿਤ ਹੋਏ।
ਵਿਦੇਸ਼ ਮੰਤਰਾਲਾ ਨੇ ਇਹ ਵੀ ਕਿਹਾ ਕਿ ਚੀਨ ਦੇ ਇਨ੍ਹਾਂ ਯਤਨਾਂ ਦਾ ਭਾਰਤ ਵਲੋਂ ਹਰ ਵਾਰ ਮਜ਼ਬੂਤੀ ਨਾਲ ਉਚਿਤ ਜਵਾਬ ਦਿੱਤਾ ਗਿਆ। ਇਹ ਰਿਪੋਰਟ ਵਿਦੇਸ਼ ਮੰਤਰਾਲਾ ਦੇ ਨੀਤੀ ਨਿਯੋਜਨ ਵਿਭਾਗ ਵਲੋਂ ਤਿਆਰ ਕੀਤੀ ਗਈ ਹੈ। ਇਸ ਦੇ ਅਨੁਸਾਰ ਚੀਨ ਦੇ ਨਾਲ ਭਾਰਤ ਦਾ ਜੁੜਾਅ ਕਾਫੀ ਗੁੰਝਲਦਾਰ ਹੈ। ਹਾਲਾਂਕਿ ਦੋਵੇਂ ਪੱਖ ਆਪਣੇ ਮਤਭੇਦਾਂ ਨੂੰ ਵਿਵਾਦ ਨਹੀਂ ਬਣਨ ਦੇਣ ’ਤੇ ਸਹਿਮਤ ਹੋਏ ਹਾਂ।
ਵਿਦੇਸ਼ ਮੰਤਰਾਲਾ ਨੇ ਰਿਪੋਰਟ ਵਿਚ ਇਹ ਵੀ ਕਿਹਾ ਕਿ ਪਾਕਿਸਤਾਨ ਸਪਾਂਸਰ ਸਰਹੱਦ ਪਾਰ ਅੱਤਵਾਦ ਵਿਚ ਕੋਈ ਕਮੀ ਨਹੀਂ ਆਈ ਹੈ ਅਤੇ ਇਸਲਾਮਾਬਾਦ ਨੇ 26 ਨਵੰਬਰ (2008) ਦੇ ਮੁੰਬਈ ਅੱਤਵਾਦੀ ਹਮਲੇ ਦੇ ਪੀੜਤਾਂ ਦੇ ਪਰਿਵਾਰਾਂ ਨੂੰ ਨਿਆ ਦਿਵਾਉਣ ਦੇ ਮਾਮਲੇ ਵਿਚ ਅਜੇ ਤੱਕ ਕੋਈ ਗੰਭੀਰਤਾ ਨਹੀਂ ਦਿਖਾਈ ਹੈ।
ਮੰਤਰਾਲਾ ਨੇ ਰਿਪੋਰਟ ਵਿਚ ਕਿਹਾ ਕਿ ਭਾਰਤ ਨੂੰ ਬਦਨਾਮ ਕਰਨ ਅਤੇ ਆਪਣੀਆਂ ਘਰੇਲੂ ਸਿਆਸੀ ਅਤੇ ਆਰਥਿਕ ਅਸਫਲਤਾਵਾਂ ਤੋਂ ਧਿਆਨ ਵੰਡਾਉਣ ਲਈ ਪਾਕਿਸਤਾਨ ਦੁਸ਼ਮਣੀ ਅਤੇ ਮਨਘੜਤ ਵਾਲਾ ਮਾੜਾ ਪ੍ਰਚਾਰ ਜਾਰੀ ਰੱਖੇ ਹੋਏ ਹੈ।