MBBS ਵਿਦਿਆਰਥੀ ਨੇ 6ਵੀਂ ਮੰਜ਼ਿਲ ਤੋਂ ਛਾਲ ਮਾਰ ਦੇ ਦਿੱਤੀ ਜਾਨ, ਇਕ ਪੇਪਰ ਖ਼ਰਾਬ ਹੋਣ ਨਾਲ ਸੀ ਤਣਾਅ

Tuesday, Dec 03, 2024 - 10:28 PM (IST)

MBBS ਵਿਦਿਆਰਥੀ ਨੇ 6ਵੀਂ ਮੰਜ਼ਿਲ ਤੋਂ ਛਾਲ ਮਾਰ ਦੇ ਦਿੱਤੀ ਜਾਨ, ਇਕ ਪੇਪਰ ਖ਼ਰਾਬ ਹੋਣ ਨਾਲ ਸੀ ਤਣਾਅ

ਸਿਰੋਹੀ : ਰਾਜਸਥਾਨ ਦੇ ਸਿਰੋਹੀ ਵਿਚ ਬੀ. ਆਰ. ਮੈਡੀਕਲ ਕਾਲਜ 'ਚ ਐੱਮ. ਬੀ. ਬੀ. ਐੱਸ. ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀ ਨੇ ਹੋਸਟਲ ਦੀ ਛੱਤ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਵਿਦਿਆਰਥੀ ਦਾ ਨਾਂ ਰਾਹੁਲ ਹੈ ਅਤੇ ਉਹ ਐੱਮ. ਬੀ. ਬੀ. ਐੱਸ. ਦੂਜੇ ਸਾਲ ਦਾ ਵਿਦਿਆਰਥੀ ਹੈ। ਦੱਸਿਆ ਜਾ ਰਿਹਾ ਹੈ ਕਿ ਕਾਲਜ 'ਚ ਪ੍ਰੀਖਿਆਵਾਂ ਚੱਲ ਰਹੀਆਂ ਹਨ, ਜਿਸ 'ਚ ਰਾਹੁਲ ਦੋ ਦਿਨ ਪਹਿਲਾਂ ਪੇਪਰ ਖਰਾਬ ਹੋਣ ਕਾਰਨ ਤਣਾਅ 'ਚ ਸੀ। ਇਸ ਮਾਮਲੇ ਵਿਚ ਪੁਲਸ ਦਾ ਕਹਿਣਾ ਹੈ ਕਿ ਕਾਲਜ ਪ੍ਰਿੰਸੀਪਲ ਸਰਵਣ ਕੁਮਾਰ ਮੀਨਾ ਨੇ ਪੁਲਸ ਨੂੰ ਰਿਪੋਰਟ ਭੇਜ ਦਿੱਤੀ ਹੈ ਜਿਸ ਵਿਚ ਅਣਪਛਾਤੇ ਹਾਲਾਤ ਵਿਚ ਮੌਤ ਹੋਣ ਦੀ ਸੂਚਨਾ ਦਿੱਤੀ ਗਈ ਹੈ। ਅਸੀਂ ਜਾਂਚ ਕਰ ਰਹੇ ਹਾਂ। ਲਾਸ਼ ਨੂੰ ਮੁਰਦਾਘਰ ਭੇਜ ਦਿੱਤਾ ਗਿਆ ਹੈ।

ਜਾਣਕਾਰੀ ਮੁਤਾਬਕ ਬੀ. ਆਰ. ਮੈਡੀਕਲ ਕਾਲਜ ਸਿਰੋਹੀ ਵਿਚ ਪੜ੍ਹਦੇ ਇਕ ਐੱਮ. ਬੀ. ਬੀ. ਐੱਸ. ਦੇ ਵਿਦਿਆਰਥੀ ਦੀ ਲਾਸ਼ ਸਵੇਰੇ ਹੋਸਟਲ ਦੀ ਇਮਾਰਤ ਦੇ ਕੋਲ ਪਈ ਹੋਣ ਦਾ ਪਤਾ ਲੱਗਣ ਤੋਂ ਬਾਅਦ ਕਾਲਜ ਪ੍ਰਿੰਸੀਪਲ ਨੇ ਇਸ ਸਬੰਧੀ ਥਾਣਾ ਪਾਲਦੀ ਐੱਮ. ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਪ੍ਰਿੰਸੀਪਲ ਨੇ ਵਿਦਿਆਰਥੀ ਦੀ ਅਣਪਛਾਤੇ ਕਾਰਨਾਂ ਕਰਕੇ ਹੋਈ ਮੌਤ ਦੀ ਜਾਂਚ ਲਈ ਰਿਪੋਰਟ ਦਰਜ ਕਰਵਾ ਦਿੱਤੀ ਹੈ। ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਸ ਨੇ ਮੌਕੇ ਦਾ ਜਾਇਜ਼ਾ ਲਿਆ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਕਾਲਜ ਦੇ ਹੋਸਟਲ ਦੀ 6ਵੀਂ ਮੰਜ਼ਿਲ 'ਤੇ ਛੱਤ ਤੋਂ ਮ੍ਰਿਤਕ ਦੀਆਂ ਚੱਪਲਾਂ ਅਤੇ ਮੋਬਾਈਲ ਫੋਨ ਬਰਾਮਦ ਹੋਇਆ ਹੈ। ਪੁਲਸ ਨੇ ਦੱਸਿਆ ਕਿ ਮ੍ਰਿਤਕ ਦੋ ਦਿਨ ਪਹਿਲਾਂ ਪੇਪਰ ਖਰਾਬ ਹੋਣ ਕਾਰਨ ਤਣਾਅ ਵਿਚ ਸੀ। ਪੁਲਸ ਨੇ ਦੱਸਿਆ ਕਿ ਜਾਂਚ ਜਾਰੀ ਹੈ।

ਪਾਲੀ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਮ੍ਰਿਤਕ
ਜਾਣਕਾਰੀ ਮੁਤਾਬਕ ਪਾਲੀ ਜ਼ਿਲ੍ਹੇ ਦੇ ਨਾਨਾ ਥਾਣਾ ਖੇਤਰ ਦੇ ਪਿੰਡ ਪਨਾਤਰਾ ਦਾ ਰਹਿਣ ਵਾਲਾ ਰਾਹੁਲ ਬੀ. ਆਰ. ਮੈਡੀਕਲ ਕਾਲਜ ਸਿਰੋਹੀ ਦੇ ਹੋਸਟਲ 'ਚ ਰਹਿ ਕੇ ਐੱਮ. ਬੀ. ਬੀ. ਐੱਸ. ਦੀ ਪੜ੍ਹਾਈ ਕਰ ਰਿਹਾ ਸੀ। ਘਟਨਾ ਦੀ ਸੂਚਨਾ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਉਹ ਮੌਕੇ 'ਤੇ ਪਹੁੰਚੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


author

Sandeep Kumar

Content Editor

Related News