ਮਾਇਆਵਤੀ ਨੇ ਭਤੀਜੇ ਆਕਾਸ਼ ਆਨੰਦ ਨੂੰ BSP ’ਚੋਂ ਕੱਢਿਆ, ਕਿਹਾ- ''ਸਹੁਰੇ ਦੇ ਇਸ਼ਾਰਿਆਂ ''ਤੇ ਕਰ ਰਿਹਾ ਸੀ ਕੰਮ''
Tuesday, Mar 04, 2025 - 08:12 AM (IST)

ਲਖਨਊ (ਏਜੰਸੀਆਂ) : ਬਸਪਾ ਸੁਪਰੀਮੋ ਮਾਇਆਵਤੀ ਨੇ ਭਤੀਜੇ ਆਕਾਸ਼ ਆਨੰਦ ਨੂੰ ਪਾਰਟੀ ਵਿਚੋਂ ਕੱਢ ਦਿੱਤਾ ਹੈ। ਉਨ੍ਹਾਂ ਨੇ ਉਨ੍ਹਾਂ ਨੂੰ ਰਾਸ਼ਟਰੀ ਕੋਆਰਡੀਨੇਟਰ ਸਮੇਤ ਸਾਰੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਕਰ ਦਿੱਤਾ ਅਤੇ ਕਿਹਾ ਕਿ ਹੁਣ ਜਦੋਂ ਤੱਕ ਉਹ ਜ਼ਿੰਦਾ ਹਨ, ਕੋਈ ਉੱਤਰਾਧਿਕਾਰੀ ਨਹੀਂ ਹੋਵੇਗਾ।
ਮਾਇਆਵਤੀ ਨੇ ਐਕਸ ’ਤੇ ਲਗਾਤਾਰ 3 ਪੋਸਟਾਂ ਲਿਖ ਕੇ ਆਕਾਸ਼ ਆਨੰਦ ਨੂੰ ਝਿੜਕਿਆ ਅਤੇ ਕਿਹਾ ਕਿ ਉਹ ਆਪਣੇ ਸਹੁਰੇ ਅਸ਼ੋਕ ਸਿਧਾਰਥ ਦੇ ਪ੍ਰਭਾਵ ਵਿਚ ਆ ਕੇ ਗੁੰਮਰਾਹ ਹੋ ਗਏ ਹਨ। ਮਾਇਆਵਤੀ ਨੇ ਲਿਖਿਆ ਕਿ ਕੱਲ੍ਹ ਬਸਪਾ ਦੀ ਅਖਿਲ ਭਾਰਤੀ ਮੀਟਿੰਗ ਵਿਚ ਆਕਾਸ਼ ਆਨੰਦ ਨੂੰ ਪਾਰਟੀ ਦੇ ਹਿੱਤ ਵਿਚ ਰਾਸ਼ਟਰੀ ਕੋਆਰਡੀਨੇਟਰ ਦੇ ਅਹੁਦੇ ਸਮੇਤ ਸਾਰੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਕਰ ਦਿੱਤਾ ਗਿਆ ਸੀ, ਜਿਸ ਲਈ ਉਨ੍ਹਾਂ ਨੂੰ ਪਛਤਾਵਾ ਕਰਨਾ ਚਾਹੀਦਾ ਸੀ ਅਤੇ ਆਪਣੀ ਪਰਿਪੱਕਤਾ ਦਿਖਾਉਣੀ ਚਾਹੀਦੀ ਸੀ। ਇਸ ਤੋਂ ਅੱਗੇ ਮਾਇਆਵਤੀ ਲਿਖਦੀ ਹੈ ਕਿ ਪਰ ਇਸ ਦੇ ਉਲਟ ਆਕਾਸ਼ ਨੇ ਜੋ ਆਪਣੀ ਲੰਮੀ-ਚੌੜੀ ਪ੍ਰਤੀਕਿਰਿਆ ਦਿੱਤੀ ਹੈ ਉਹ ਉਸਦੇ ਪਛਤਾਵੇ ਅਤੇ ਰਾਜਨੀਤਿਕ ਪਰਿਪੱਕਤਾ ਦਾ ਪ੍ਰਗਟਾਵਾ ਨਹੀਂ ਹੈ, ਸਗੋਂ ਜ਼ਿਆਦਾਤਰ ਉਸ ਦੇ ਸਹੁਰੇ ਵੱਲੋਂ ਪ੍ਰਭਾਵਿਤ ਇਕ ਸੁਆਰਥੀ, ਹੰਕਾਰੀ ਅਤੇ ਗੈਰ-ਮਿਸ਼ਨਰੀ ਰਵੱਈਆ ਹੈ, ਜਿਸ ਤੋਂ ਬਚਣ ਦੀ ਸਲਾਹ ਮੈਂ ਪਾਰਟੀ ਦੇ ਸਾਰੇ ਅਜਿਹੇ ਲੋਕਾਂ ਨੂੰ ਦੇਣ ਦੇ ਨਾਲ-ਨਾਲ ਸਜ਼ਾ ਵੀ ਦੇ ਰਹੀ ਹਾਂ।
ਇਹ ਵੀ ਪੜ੍ਹੋ : ਰਾਮ ਮੰਦਰ ਨੂੰ ਉਡਾਉਣ ਦੀ ਸਾਜ਼ਿਸ਼: 2 ਵਾਰ ਕੀਤੀ ਰੇਕੀ, ISI ਦੇ ਸੰਪਰਕ 'ਚ ਸੀ ਅੱਤਵਾਦੀ ਅਬਦੁੱਲ ਰਹਿਮਾਨ
ਮਾਇਆਵਤੀ ਨੇ ਲਿਖਿਆ ਕਿ ਸਤਿਕਾਰਯੋਗ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਆਤਮ-ਸਨਮਾਨ ਅਤੇ ਸਵੈ-ਮਾਣ ਅੰਦੋਲਨ ਦੇ ਹਿੱਤ ’ਚ ਅਤੇ ਸਤਿਕਾਰਯੋਗ ਕਾਂਸ਼ੀ ਰਾਮ ਦੇ ਅਨੁਸ਼ਾਸਨ ਦੀ ਰਵਾਇਤ ਦੀ ਪਾਲਣਾ ਕਰਦੇ ਹੋਏ ਆਕਾਸ਼ ਆਨੰਦ ਨੂੰ ਉਨ੍ਹਾਂ ਦੇ ਸਹੁਰੇ ਵਾਂਗ ਪਾਰਟੀ ਵਿਚੋਂ ਕੱਢ ਦਿੱਤਾ ਜਾਂਦਾ ਹੈ। ਮਾਇਆਵਤੀ ਨੇ ਕਿਹਾ ਕਿ ਆਕਾਸ਼ ਆਨੰਦ ਨੂੰ ਕੱਢਿਆ ਜਾਣਾ ਪਾਰਟੀ ਦੇ ਹਿੱਤ ਵਿਚ ਹੈ।
ਆਕਾਸ਼ ਆਨੰਦ ਬਾਰੇ ਮਾਇਆਵਤੀ ਦਾ ਰੁਖ਼ ਹੈਰਾਨੀਜਨਕ ਰਿਹਾ ਹੈ। ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ 2024 ਦੀਆਂ ਆਮ ਚੋਣਾਂ ਦੌਰਾਨ ਆਕਾਸ਼ ਆਨੰਦ ਨੂੰ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਕਰ ਦਿੱਤਾ ਸੀ। ਫਿਰ ਉਨ੍ਹਾਂ ਦੀ ਵਾਪਸੀ ਕਰਵਾਈ ਗਈ ਪਰ ਹੁਣ ਇਕ ਵਾਰ ਫਿਰ ਕਾਰਵਾਈ ਕੀਤੀ ਗਈ ਹੈ।
ਇਹ ਵੀ ਪੜ੍ਹੋ : 'ਵਿਪਸ਼ਯਨਾ' ਲਈ ਪੰਜਾਬ ਆਉਣਗੇ ਅਰਵਿੰਦ ਕੇਜਰੀਵਾਲ, ਹੁਸ਼ਿਆਰਪੁਰ ਦੇ ਸਾਧਨਾ ਕੇਂਦਰ 'ਚ ਬਿਤਾਉਣਗੇ 10 ਦਿਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8