ਸਰਬ ਪਾਰਟੀ ਬੈਠਕ ’ਚ ਬੋਲੇ ਉਮਰ ਅਬਦੁੱਲਾ, ਕਿਹਾ- ਅੱਤਵਾਦ ਸਾਡੇ ਸੰਕਲਪ ਨੂੰ ਕਮਜ਼ੋਰ ਨਹੀਂ ਕਰ ਸਕਦਾ

Friday, Apr 25, 2025 - 12:09 AM (IST)

ਸਰਬ ਪਾਰਟੀ ਬੈਠਕ ’ਚ ਬੋਲੇ ਉਮਰ ਅਬਦੁੱਲਾ, ਕਿਹਾ- ਅੱਤਵਾਦ ਸਾਡੇ ਸੰਕਲਪ ਨੂੰ ਕਮਜ਼ੋਰ ਨਹੀਂ ਕਰ ਸਕਦਾ

ਸ਼੍ਰੀਨਗਰ, (ਭਾਸ਼ਾ)– ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਵੱਲੋਂ ਸੱਦੀ ਗਈ ਸਰਬ ਪਾਰਟੀ ਬੈਠਕ ਵਿਚ ਪਹਿਲਗਾਮ ’ਚ ਬੇਗੁਨਾਹ ਨਾਗਰਿਕਾਂ ’ਤੇ ਹੋਏ ‘ਘਿਨੌਣੇ ਤੇ ਅਣਮਨੁੱਖੀ’ ਹਮਲੇ ਦੀ ਸਖਤ ਨਿੰਦਾ ਕਰਦੇ ਹੋਏ ਇਕ ਮਤਾ ਪਾਸ ਕੀਤਾ ਗਿਆ। ਅਬਦੁੱਲਾ ਨੇ ਮਤਾ ਪੜ੍ਹਦੇ ਹੋਏ ਹੋਰ ਸੂਬਿਆਂ ਤੇ ਕੇਂਦਰ ਸ਼ਾਸਿਤ ਸੂਬਿਆਂ ਦੀਆਂ ਸਰਕਾਰਾਂ ਨੂੰ ਪਹਿਲਗਾਮ ਹਮਲੇ ਦੇ ਮੱਦੇਨਜ਼ਰ ਕਸ਼ਮੀਰੀਆਂ ਨੂੰ ਕਿਸੇ ਵੀ ਤਰ੍ਹਾਂ ਦੇ ਸ਼ੋਸ਼ਣ ਤੋਂ ਬਚਾਉਣ ਦੀ ਅਪੀਲ ਕੀਤੀ।

ਮੁੱਖ ਮੰਤਰੀ ਨੇ ਕਿਹਾ,‘‘ਅਸੀਂ, ਜੰਮੂ-ਕਸ਼ਮੀਰ ਦੀ ਸਰਬ ਪਾਰਟੀ ਬੈਠਕ ਵਿਚ ਸ਼ਾਮਲ ਲੋਕ, 22 ਅਪ੍ਰੈਲ ਨੂੰ ਪਹਿਲਗਾਮ ਵਿਚ ਬੇਗੁਨਾਹ ਨਾਗਰਿਕਾਂ ’ਤੇ ਹੋਏ ਜ਼ਾਲਮਾਨਾ ਹਮਲੇ ਤੋਂ ਦੁਖੀ ਹੋ ਕੇ ਸਮੂਹਿਕ ਇਕਜੁੱਟਤਾ ਦੀ ਭਾਵਨਾ ਨਾਲ ਇਸ ਮਤੇ ਨੂੰ ਅਪਣਾਉਂਦੇ ਹਾਂ। ਅਸੀਂ ਇਸ ਘਿਨੌਣੇ ਤੇ ਅਣਮਨੁੱਖੀ ਹਮਲੇ ਦੀ ਸਖਤ ਸ਼ਬਦਾਂ ’ਚ ਨਿੰਦਾ ਕਰਦੇ ਹਾਂ, ਜਿਸ ਵਿਚ ਬੇਗੁਨਾਹ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਉਨ੍ਹਾਂ ਦੀ ਹੱਤਿਆ ਕੀਤੀ ਗਈ।’’

ਅਬਦੁੱਲਾ ਨੇ ਕਿਹਾ,‘‘ਸ਼ਾਂਤੀ ਪਸੰਦ ਨਾਗਰਿਕਾਂ ਖਿਲਾਫ ਜ਼ਾਲਮਪੁਣੇ ਦੇ ਅਜਿਹੇ ਕਾਇਰਤਾ ਭਰੇ ਕੰਮਾਂ ਲਈ ਸਮਾਜ ਵਿਚ ਕੋਈ ਥਾਂ ਨਹੀਂ। ਇਹ ਕਸ਼ਮੀਰੀਅਤ ਦੀਆਂ ਕਦਰਾਂ-ਕੀਮਤਾਂ ਅਤੇ ਭਾਰਤ ਦੀ ਧਾਰਨਾ ’ਤੇ ਸਿੱਧਾ ਹਮਲਾ ਹੈ, ਜੋ ਲੰਮੇ ਸਮੇਂ ਤੋਂ ਇਸ ਖੇਤਰ ਵਿਚ ਏਕਤਾ, ਸ਼ਾਂਤੀ ਤੇ ਸਦਭਾਵਨਾ ਦਾ ਪ੍ਰਤੀਕ ਰਹੇ ਹਨ।’’

ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਦੀਆਂ ਸਾਰੀਆਂ ਪਾਰਟੀਆਂ ਇਨ੍ਹਾਂ ਅਪਰਾਧੀਆਂ ਨੂੰ ਨਿਆਂ ਦੇ ਘੇਰੇ ਵਿਚ ਲਿਆਉਣ ਦੇ ਸਾਰੇ ਯਤਨਾਂ ਦਾ ਸਮਰਥਨ ਕਰਨ ਦੀ ‘ਆਪਣੀ ਵਚਨਬੱਧਤਾ ’ਤੇ ਅਡਿੱਗ’ ਹਨ।

ਉਨ੍ਹਾਂ ਕਿਹਾ,‘‘ਅਜਿਹਾ ਕਰਦੇ ਸਮੇਂ ਅਸੀਂ ਇਸ ਗੱਲ ਦੀ ਪੁਸ਼ਟੀ ਕਰਦੇ ਹਾਂ ਕਿ ਅੱਤਵਾਦੀਆਂ ਦੀ ਕੋਈ ਵੀ ਕਾਰਵਾਈ ਸਾਡੇ ਸੰਕਲਪ ਨੂੰ ਕਮਜ਼ੋਰ ਨਹੀਂ ਕਰ ਸਕਦੀ ਜਾਂ ਸਾਡੀ ਅਜੇਤੂ ਭਾਵਨਾ ਨੂੰ ਖਤਮ ਨਹੀਂ ਕਰ ਸਕਦੀ। ਅਸੀਂ ਕੇਂਦਰ ਸਰਕਾਰ ਵੱਲੋਂ ਕੱਲ ਐਲਾਨੇ ਗਏ ਕਦਮਾਂ ਦਾ ਵੀ ਸਮਰਥਨ ਕਰਦੇ ਹਾਂ।’’

ਬੈਠਕ ਵਿਚ ਉਨ੍ਹਾਂ ਪਰਿਵਾਰਾਂ ਪ੍ਰਤੀ ‘ਡੂੰਘੀ ਹਮਦਰਦੀ’ ਪ੍ਰਗਟ ਕੀਤੀ ਗਈ ਜਿਨ੍ਹਾਂ ਨੇ ਇਸ ਹਮਲੇ ਦਾ ਸਾਹਮਣਾ ਕੀਤਾ।

ਮਤੇ ਵਿਚ ‘ਟੱਟੂਵਾਲਾ’ ਸੈਯਦ ਆਦਿਲ ਹੁਸੈਨ ਸ਼ਾਹ ਦੇ ਬਲੀਦਾਨ ਦੀ ਵੀ ਸ਼ਲਾਘਾ ਕੀਤੀ ਗਈ, ਜਿਸ ਨੇ ਹਥਿਆਰਬੰਦ ਅੱਤਵਾਦੀਆਂ ਖਿਲਾਫ ਆਵਾਜ਼ ਉਠਾਈ ਸੀ।


author

Rakesh

Content Editor

Related News