ਕਲ ਮਿਲ ਸਕਦੈ ਭਾਜਪਾ ਨੂੰ ਨਵਾਂ ਪ੍ਰਧਾਨ, ਜੇ.ਪੀ. ਨੱਡਾ ਦੀ ਹੋਵੇਗੀ ਤਾਜਪੋਸ਼ੀ!

01/19/2020 7:15:00 PM

ਨਵੀਂ ਦਿੱਲੀ (ਏਜੰਸੀ)- ਭਾਜਪਾ ਨੂੰ ਅਮਿਤ ਸ਼ਾਹ ਦੀ ਥਾਂ 'ਤੇ ਸੋਮਵਾਰ ਨੂੰ ਨਵਾਂ ਰਾਸ਼ਟਰੀ ਪ੍ਰਧਾਨ ਮਿਲ ਸਕਦਾ ਹੈ। ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜੇ.ਪੀ. ਨੱਡਾ ਦੇ ਇਸ ਆਹੁਦੇ 'ਤੇ ਬਿਨਾਂ ਵਿਰੋਧ ਚੁਣੇ ਜਾਣ ਦੀ ਉਮੀਦ ਹੈ। ਸੂਬਿਆਂ ਤੋਂ ਭਾਜਪਾ ਦੇ ਨੇਤਾਵਾਂ ਸਣੇ ਪਾਰਟੀ ਦੇ ਚੋਟੀ ਦੇ ਨੇਤਾਵਾਂ ਵਲੋਂ ਨੱਡਾ ਦੀ ਹਮਾਇਤ ਵਿਚ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਭਾਜਪਾ ਦਫਤਰ ਪਹੁੰਚਣ ਦੀ ਉਮੀਦ ਹੈ। ਨੱਡਾ ਭਾਜਪਾ ਦੇ ਪ੍ਰਧਾਨ ਅਹੁਦੇ ਲਈ ਲੰਬੇ ਸਮੇਂ ਤੋਂ ਪ੍ਰਧਾਨ ਮੰਤਰੀ ਮੋਦੀ ਅਤੇ ਸ਼ਾਹ ਦੀ ਪਸੰਦ ਦੇ ਤੌਰ 'ਤੇ ਦੇਖੇ ਜਾ ਰਹੇ ਹਨ। ਨੱਡਾ ਨੇ ਰਾਜਨੀਤੀ ਵਿਚ ਸ਼ੁਰੂਆਤ ਵਿਦਿਆਰਥੀ ਰਾਜਨੀਤੀ ਤੋਂ ਕੀਤੀ ਸੀ। ਸੰਗਠਨ ਵਿਚ ਉਨ੍ਹਾਂ ਦਾ ਦਹਾਕਿਆਂ ਪੁਰਾਣਾ ਤਜ਼ਰਬਾ ਆਰ.ਐਸ.ਐਸ. ਨਾਲ ਉਨ੍ਹਾਂ ਦੀ ਨਜ਼ਦੀਕੀ ਅਤੇ ਸਵੱਛ ਛਵੀ ਉਨ੍ਹਾਂ ਦੀ ਤਾਕਤ ਹੈ।ਭਾਜਪਾ ਦੇ ਸੀਨੀਅਰ ਨੇਤਾ ਰਾਧਾਮੋਹਨ ਸਿੰਘ ਪਾਰਟੀ ਦੇ ਸੰਗਠਨ ਚੋਣ ਪ੍ਰਕਿਰਿਆ ਦੇ ਇੰਚਾਰਜ ਹਨ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰੀ ਪ੍ਰਧਾਨ ਦੀ ਚੋਣ ਲਈ ਨਾਮਜ਼ਦਗੀ ਪੱਤਰ 20 ਜਨਵਰੀ ਨੂੰ ਦਾਖਲ ਕੀਤੇ ਜਾਣਗੇ ਅਤੇ ਜ਼ਰੂਰੀ ਹੋਣ 'ਤੇ ਅਗਲੇ ਦਿਨ ਚੋਣਾਂ ਹੋਣਗੀਆਂ। ਭਾਜਪਾ ਵਿਚ ਪ੍ਰਧਾਨ ਆਮ ਸਹਿਮਤੀ ਨਾਲ ਅਤੇ ਬਿਨਾਂ ਕਿਸੇ ਮੁਕਾਬਲੇ ਦੇ ਚੁਣੇ ਜਾਣ ਦੀ ਰਸਮ ਹੈ ਅਤੇ ਇਸ ਦੀ ਘੱਟ ਹੀ ਸੰਭਾਵਨਾ ਹੈ ਕਿ ਇਸ ਵਾਰ ਵੀ ਉਸ ਰਸਮ ਤੋਂ ਕੁਝ ਹਟ ਕੇ ਹੋਵੇਗਾ।

ਨਵੇਂ ਪ੍ਰਧਾਨ ਦੀ ਚੋਣ ਦੇ ਨਾਲ ਹੀ ਪਾਰਟੀ ਦੇ ਮੌਜੂਦਾ ਪ੍ਰਧਾਨ ਅਮਿਤ ਸ਼ਾਹ ਦਾ ਸਾਢੇ ਪੰਜ ਸਾਲ ਤੋਂ ਜ਼ਿਆਦਾ ਦਾ ਕਾਰਜਕਾਲ ਵੀ ਖਤਮ ਹੋ ਜਾਵੇਗਾ, ਜਿਸ ਦੌਰਾਨ ਭਾਜਪਾ ਨੇ ਪੂਰੇ ਦੇਸ਼ ਵਿਚ ਆਪਣੇ ਆਧਾਰ ਦਾ ਵਿਸਥਾਰ ਕੀਤਾ। ਸ਼ਾਹ ਦਾ ਕਾਰਜਕਾਲ ਭਾਜਪਾ ਲਈ ਚੋਣਾਂ ਦੇ ਲਿਹਾਜ ਨਾਲ ਸਭ ਤੋਂ ਵਧੀਆ ਸੀ ਹਾਲਾਂਕਿ ਪਾਰਟੀ ਨੂੰ ਕੁਝ ਸੂਬਾ ਵਿਧਾਨਸਭਾ ਚੋਣਾਂ ਵਿਚ ਝਟਕੇ ਵੀ ਲੱਗੇ।ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਵਿਚ ਸ਼ਾਹ ਦੇ ਗ੍ਰਹਿ ਮੰਤਰੀ ਬਣਨ ਤੋਂ ਬਾਅਦ ਭਾਜਪਾ ਨੇ ਉਨ੍ਹਾਂ ਦਾ ਉਤਰਾਧਿਕਾਰੀ ਚੁਣਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਸੀ ਕਿਉਂਕਿ ਪਾਰਟੀ ਵਿਚ ਇਕ ਵਿਅਕਤੀ ਇਕ ਅਹੁਦਾ ਦੀ ਰਸਮ ਰਹੀ ਹੈ। ਨੱਡਾ ਨੂੰ ਬੀਤੇ ਸਾਲ ਜੁਲਾਈ ਵਿਚ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ। ਇਹ ਇਸ ਗੱਲ ਦਾ ਸੰਕੇਤ ਸੀ ਕਿ ਹਿਮਾਚਲ ਪ੍ਰਦੇਸ਼ ਤੋਂ ਭਾਜਪਾ ਦੇ ਨੇਤਾ ਸੰਗਠਨ ਦੇ ਚੋਟੀ ਦੇ ਅਹੁਦੇ ਲਈ ਸੰਭਾਵਿਤ ਪਸੰਦ ਹੈ। ਨੱਡਾ 2019 ਦੀਆਂ ਲੋਕ ਸਭਾ ਚੋਣਾਂ ਵਿਚ ਰਾਜਨੀਤਕ ਤੌਰ 'ਤੇ ਮਹੱਤਵਪੂਰਨ ਸੂਬਾ ਉੱਤਰ ਪ੍ਰਦੇਸ਼ ਵਿਚ ਭਾਜਪਾ ਦੀ ਚੋਣ ਮੁਹਿੰਮ ਦੇ ਇੰਚਾਰਜ ਸਨ, ਜਿੱਥੇ ਪਾਰਟੀ  ਨੂੰ ਸਪਾ ਅਤੇ ਬਸਪਾ ਮਹਾਂਗਠਜੋੜ ਤੋਂ ਸਖ਼ਤ ਚੁਣੌਤੀ ਸੀ। ਭਾਜਪਾ ਨੇ ਉੱਤਰ ਪ੍ਰਦੇਸ਼ ਵਿਚ 80 ਲੋਕ ਸਭਾ ਸੀਟਾਂ ਵਿਚੋਂ 62 'ਤੇ ਜਿੱਤ ਦਰਜ ਕੀਤੀ। ਆਮ ਚੋਣਾਂ ਵਿਚ ਭਾਜਪਾ ਲਈ ਮਹੱਤਵਪੂਰਨ ਸੂਬਾ ਸੰਭਾਲਣ ਤੋਂ ਇਲਾਵਾ ਨੱਡਾ ਮੋਦੀ ਸਰਕਾਰ ਦੇ ਪਹਿਲੇ ਕਾਰਜਕਾਲ ਵਿਚ ਕੈਬਨਿਟ ਮੰਤਰੀ ਸਨ। ਉਹ ਸੰਸਦੀ ਬੋਰਡ ਦੇ ਇਕ ਮੈਂਬਰ ਰਹੇ ਹਨ।


Sunny Mehra

Content Editor

Related News